18 ਸਾਲਾ ਮੁੰਡੇ ਦਾ ਬੇਰਹਿਮੀ ਨਾਲ ਕਤਲ
ਅੰਮ੍ਰਿਤਸਰ (ਰਵਿੰਦਰ) : ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਹੈਬੋਵਾਲ ਇਲਾਕੇ ‘ਚ ਸਥਿਤ ਡੇਅਰੀ ਕੰਪਲੈਕਸ ‘ਚ 18 ਸਾਲਾ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਮੁੰਡੇ ਦੀ ਪਛਾਣ ਵਿੱਕੀ ਦੇ ਰੂਪ ‘ਚ ਹੋਈ ਹੈ, ਜੋ ਠੇਕੇ ‘ਤੇ ਵੇਟਰ ਦਾ ਕੰਮ ਕਰਦਾ ਸੀ। ਜਾਣਕਾਰੀ ਮੁਤਾਬਕ ਮ੍ਰਿਤਕ ਵਿੱਕੀ ਨੇ ਠੇਕੇਦਾਰ ਤੋਂ 5500 ਰੁਪਏ ਲੈਣੇ ਸਨ। ਇਸ ਨੂੰ ਲੈ ਕੇ ਬੀਤੀ ਰਾਤ ਕਰੀਬ 9 ਵਜੇ ਠੇਕੇਦਾਰ ਨੇ ਉਸ ਨੂੰ ਪੈਸੇ ਦੇਣ ਲਈ ਫੋਨ ਕੀਤਾ।
ਜਿਵੇਂ ਹੀ ਵਿੱਕੀ ਠੇਕੇਦਾਰ ਕੋਲ ਪੁੱਜਾ ਤਾਂ ਉੱਥੇ ਪਹਿਲਾਂ ਤੋਂ ਹੀ 2-3 ਨੌਜਵਾਨ ਖੜ੍ਹੇ ਸਨ। ਠੇਕੇਦਾਰ ਨੇ ਨੌਜਵਾਨਾਂ ਨਾਲ ਮਿਲ ਕੇ ਵਿੱਕੀ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ। ਵਿੱਕੀ ਨੂੰ ਬਚਾਉਣ ਆਏ ਉਸ ਦੇ ਭਰਾ ਵਿਜੇ ‘ਤੇ ਵੀ ਦੋਸ਼ੀਆਂ ਨੇ ਹਮਲਾ ਕਰ ਦਿੱਤਾ। ਜ਼ਖਮੀ ਹਾਲਤ ‘ਚ ਵਿੱਕੀ ਨੂੰ ਰਡੀ. ਐੱਮ. ਸੀ. ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਫਿਲਹਾਲ ਥਾਣਾ ਪੀ. ਏ. ਯੂ. ਦੀ ਪੁਲਸ ਨੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।