ISI ਜੰਮੂ-ਕਸ਼ਮੀਰ ਤੋਂ ਬਾਅਦ ਪੰਜਾਬ ਨਿਸ਼ਾਨੇ ‘ਤੇ : ਮਨਿੰਦਰਜੀਤ ਸਿੰਘ ਬਿੱਟਾ
ਅੰਮ੍ਰਿਤਸਰ (ਰਵਿੰਦਰ) – ਆਲ ਇੰਡੀਆ ਟੈਰਰਿਸਟ ਫਰੰਟ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਨੇ ਕਿਹਾ ਹੈ ਕਿ ਆਈ. ਐੱਸ. ਆਈ. ਪਾਕਿਸਤਾਨ ’ਚ ਬੈਠ ਕੇ ਪੰਜਾਬ ਨੂੰ ਤਬਾਹ ਕਰਨ ਦੀ ਯੋਜਨਾ ਬਣਾ ਰਿਹਾ ਹੈ ਅਤੇ ਇਸ ਦੀ ਸ਼ੁਰੂਆਤ ਕੈਨੇਡਾ ਰਾਹੀਂ ਹੋ ਚੁੱਕੀ ਹੈ। ਬਿੱਟਾ ਨੇ ਵਿਦੇਸ਼ਾਂ ’ਚ ਬੈਠ ਕੇ ਪੰਜਾਬ ਦੇ ਨੌਜਵਾਨਾਂ ਨੂੰ ਭੜਕਾਉਣ ਵਾਲਿਆਂ ’ਤੇ ਤਿੱਖੀ ਟਿੱਪਣੀ ਕੀਤੀ, ਉਨ੍ਹਾਂ ਨੂੰ ਲਲਕਾਰਦੇ ਹੋਏ ਇਹ ਵੀ ਕਿਹਾ ਕਿ ਸਿੱਖੀ ਧਰਮ ਨਾਲ ਗਲਤ ਕਰਨ ਵਾਲਿਆਂ ਦੇ ਸਾਹਮਣੇ ਖੜ੍ਹੇ ਹੋਣ ਦੀ ਵੀ ਹਿੰਮਤ ਰੱਖੋ। ਹੋਰ ਵੀ ਕਈ ਮਾਮਲਿਆਂ ’ਤੇ ਬਿੱਟਾ ਨੇ ਵਿਸ਼ੇਸ਼ ਗੱਲਬਾਤ ਦੌਰਾਨ ਬੋਲੇ, ਪੇਸ਼ ਹਨ ਉਸ ਦੇ ਅੰਸ਼ – ਪਾਕਿਸਤਾਨ ’ਚ ਬੈਠੀ ਆਈ. ਐੱਸ. ਆਈ. ਅਤੇ ਵਿਦੇਸ਼ਾਂ ’ਚ ਬੈਠ ਕੇ ਪੰਨੂ ਅਤੇ ਗੋਲਡੀ ਬਰਾੜ ਵਰਗੇ ਲੋਕ ਭਾਰਤ ਦੇ ਇਕ ਅਹਿਮ ਹਿੱਸੇ ਪੰਜਾਬ ਖ਼ਿਲਾਫ਼ ਸਾਜ਼ਿਸ਼ਾਂ ਰਚ ਰਹੇ ਹਨ। ਪਹਿਲਾਂ ਪੰਜਾਬ ’ਚ ਨਸ਼ਾ-ਅੱਤਵਾਦ ਫੈਲਾਇਆ ਗਿਆ ਅਤੇ ਹੁਣ ਗੈਂਗ-ਬਾਜੀ ਨੂੰ ਬਲ ਦਿੱਤਾ ਜਾ ਰਿਹਾ ਹੈ ਅਤੇ ਇਹ ਸਭ ਪਾਕਿਸਤਾਨ ਅਤੇ ਚੀਨ ਦੀ ਸਾਜ਼ਿਸ਼ ਹੈ, ਜੋ ਪੰਜਾਬ ਦੇ ਭੋਲੇ-ਭਾਲੇ ਨੌਜਵਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਸਿਆਸਤਦਾਨ ਜੋ ਚੋਣਾਂ ਜਿੱਤਣ ਲਈ ਕਈ ਤਰ੍ਹਾਂ ਦੇ ਪਾਪੜ ਵੇਲਦੇ ਹਨ। ਆਮ ਲੋਕ ਇਨ੍ਹਾਂ ਲੀਡਰਾਂ ਨੂੰ ਆਪਣੀ ਵੋਟ ਦਿੰਦੇ ਹਨ ਅਤੇ ਇਨ੍ਹਾਂ ਤੋਂ ਭਲੇ ਦੀ ਆਸ ਰੱਖਦੇ ਹਨ, ਤਾਂ ਇਹ ਵਾਜਬ ਹੈ ਕਿ ਇਨ੍ਹਾਂ ਲੋਕਾਂ ਦੀ ਜਿੰਮੇਵਾਰੀ ਹੈ ਕਿ ਲੋਕ ਪੰਜਾਬ ਨੂੰ ਦੁਬਾਰਾ ਹੇਠਾਂ ਜਾਣ ਤੋਂ ਬਚਾਏ। ਉਹ ਪੁਰਾਣਾ ਦੌਰ ਜਦੋਂ ਪੰਜਾਬ ਪੂਰੀ ਤਰ੍ਹਾਂ ਨਾਲ ਅੱਤਵਾਦ ’ਚ ਘਿਰਿਆ ਹੋਇਆ ਸੀ, ਉਦੋਂ ਵੀ ਬਹੁਤ ਸਾਰੇ ਸਿਆਸਤਦਾਨ ਸਨ ਜੋ ਅੱਤਵਾਦ ਦੇ ਖਿਲਾਫ ਖੜੇ ਸਨ ਅਤੇ ਇਸ ਨੂੰ ਜੜ੍ਹੋਂ ਪੁੱਟਣ ਲਈ ਕੰਮ ਕੀਤਾ ਸੀ। ਹੁਣ ਵੀ ਪੰਜਾਬ ਨੂੰ ਬਚਾਉਣ ਲਈ ਮਜ਼ਬੂਤ ਦਿਲ ਵਾਲੇ ਆਗੂਆਂ ਦੀ ਲੋੜ ਹੈ ਕਿਉਂਕਿ ਜੇਕਰ ਜਨਤਾ ਨੇ ਉਨ੍ਹਾਂ ’ਤੇ ਭਰੋਸਾ ਕੀਤਾ ਹੈ ਤਾਂ ਉਹ ਭਰੋਸਾ ਕਾਇਮ ਰਹਿਣਾ ਚਾਹੀਦਾ ਹੈ।