ਪੰਜਾਬ ਪੁਲਸ ਦੇ ਨਾਂ ’ਤੇ ਮਾਰੀ ਠੱਗੀ, ਲੱਗੇ ਸਾਢੇ 13 ਲੱਖ ਦਾ ਚੂਨਾ
ਅੰਮ੍ਰਿਤਸਰ (ਰਵਿੰਦਰ) : ਥਾਣਾ ਨੰਦਗੜ੍ਹ ਦੀ ਪੁਲਸ ਵੱਲੋਂ ਇਕ ਵਿਅਕਤੀ ਵਿਰੁੱਧ ਪੁਲਸ ’ਚ ਭਰਤੀ ਕਰਵਾਉਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ। ਪਿੰਡ ਘੁੱਦਾ ਵਾਸੀ ਵਿਕਰਮਜੀਤ ਸ਼ਰਮਾ ਪੁੱਤਰ ਪ੍ਰਲਾਦ ਰਾਮ ਨੇ ਪ੍ਰਿਤਪਾਲ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਬੀੜ ਰੋੜ ਬਠਿੰਡਾ ਵਿਰੁੱਧ ਜ਼ਿਲ੍ਹਾ ਪੁਲਸ ਮੁਖੀ ਨੂੰ ਲਿਖਤੀ ਸ਼ਿਕਾਇਤ ਕਰਦਿਆਂ ਦੋਸ਼ ਲਗਾਏ ਕਿ ਉਕਤ ਵਿਅਕਤੀ ਨੇ ਉਸ ਨੂੰ ਪੁਲਸ ’ਚ ਭਰਤੀ ਕਰਵਾਉਣ ਦੇ ਨਾਂ ’ਤੇ ਸਾਢੇ 13 ਲੱਖ ਦੀ ਠੱਗੀ ਮਾਰੀ ਹੈ।
ਉਸ ਨੇ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਉਹ ਬਾਰਵੀਂ ਪਾਸ ਕਰਕੇ ਸਾਲ 2020 ’ਚ ਰਾਮਾਂ ਸਥਿਤ ਬਣੀ ਗੁਰੂ ਗੋਬਿੰਦ ਸਿੰਘ ਰਿਫਾਈਨਰੀ ’ਚ ਇਲੈਕਟੀਕਲ ਦੀ ਨੌਕਰੀ ਕਰਨ ਲੱਗ ਪਿਆ। ਸਾਲ 2021 ’ਚ ਉਸ ਨੇ ਸਰਕਾਰੀ ਨੌਕਰੀ ਦੀ ਆਸ ਰੱਖਦਿਆਂ ਇਲੈਕਟੀਕਲ ਦੀ ਨੌਕਰੀ ਛੱਡ ਦਿੱਤੀ।
ਪ੍ਰਿਤਪਾਲ ਸਿੰਘ ਦੀਆਂ ਗੱਲਾਂ ਸੁਣ ਕੇ ਉਹ ਝਾਂਸੇ ’ਚ ਆ ਗਿਆ ਅਤੇ ਪੁਲਸ ’ਚ ਭਰਤੀ ਹੋਣ ਲਈ ਉਸ ਨੇ ਪ੍ਰਿਤਪਾਲ ਸਿੰਘ ਨੂੰ ਸਾਢੇ 13 ਲੱਖ ਰੁਪਏ ਦੇ ਦਿੱਤੇ, ਜਿਨ੍ਹਾਂ ’ਚੋਂ ਉਸ ਨੇ ਇਕ ਲੱਖ 30 ਹਜ਼ਾਰ ਰੁਪਏ ਪ੍ਰਿਤਪਾਲ ਦੇ ਬੈਂਕ ਖਾਤੇ ’ਚ ਜਮ੍ਹਾ ਕਰਵਾਏ। ਉਨ੍ਹਾਂ ਦੱਸਿਆ ਕਿ ਪ੍ਰਿਤਪਾਲ ਸਿੰਘ ਵੱਲੋਂ ਨਾਂ ਤਾਂ ਉਸ ਨੂੰ ਪੁਲਸ ’ਚ ਭਰਤੀ ਕਰਵਾਇਆ ਅਤੇ ਨਾਂ ਹੀ ਉਸ ਤੋਂ ਲਏ ਪੈਸੇ ਵਾਪਸ ਕੀਤੇ। ਥਾਣਾ ਨੰਦਗੜ੍ਹ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਵੱਲੋਂ ਵਿਕਰਮਜੀਤ ਸ਼ਰਮਾ ਦੇ ਬਿਆਨਾਂ ਪ੍ਰਿਤਪਾਲ ਸਿੰਘ ਵਾਸੀ ਬਠਿੰਡਾ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ’ਚ ਅਜੇ ਤਕ ਪ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ।