November 25, 2024

ਸੂਬੇ ਦੇ ਵਿਕਾਸ ਕਾਰਜਾਂ ‘ਚ ਆਵੇਗੀ ਤੇਜ਼ੀ, ਮੰਤਰੀ ਈ. ਟੀ. ਓ.

ਅੰਮ੍ਰਿਤਸਰ (ਰਵਿੰਦਰ) : ਸੂਬੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਗਤੀ ਨੂੰ ਤੇਜ਼ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਾਰੇ ਵਿਭਾਗਾਂ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਨਿਰੰਤਰ ਨਜ਼ਰਸਾਨੀ ਕੀਤੀ ਜਾ ਰਹੀ ਹੈ। ਅੱਜ ਇੱਥੇ ਮੁੱਖ ਮੰਤਰੀ ਦੀਆਂ ਹਦਾਇਤਾਂ ਦੇ ਤਹਿਤ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ (ਈ.ਟੀ.ਓ.) ਦੀ ਪ੍ਰਧਾਨਗੀ ਹੇਠ ਵਿਭਾਗ ਦੇ ਸਮੂਹ ਮੁੱਖ ਇੰਜੀਨੀਅਰਾਂ ਨਾਲ ਮੀਟਿੰਗ ਕੀਤੀ ਗਈ। ਇਸ ਦੇ ਨਾਲ ਹੀ ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਸਰਕਾਰ ਕੋਲ ਲੋਕ ਭਲਾਈ ਅਤੇ ਵਿਕਾਸ ਕਾਰਜਾਂ ਦੇ ਕੰਮਾਂ ਲਈ ਫੰਡਜ਼ ਦੀ ਕੋਈ ਘਾਟ ਨਹੀਂ ਹੈ।

ਮੰਤਰੀ ਨੇ ਮੰਟਿੰਗ ਦੌਰਾਨ ਨਵੇਂ ਕੰਮਾਂ ਦੇ ਟੈਂਡਰਾਂ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ ਅਤੇ ਕੰਮ ਛੇਤੀ ਅਲਾਟ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਤਾਂ ਜੋ ਉਪਲਬਧ ਫੰਡਾਂ ਦੀ ਵਰਤੋਂ ਕਰਕੇ ਵਿਕਾਸ ਕੰਮਾਂ ਵਿੱਚ ਤੇਜ਼ੀ ਲਿਆਂਦੀ ਜਾ ਸਕੇ। ਇਸ ਦੇ ਨਾਲ ਹੀ ਪਹਿਲਾਂ ਤੋਂ ਚੱਲ ਰਹੇ ਕੰਮਾਂ ਵਿੱਚ ਹੋ ਰਹੀ ਦੇਰੀ ਦੇ ਕਾਰਨਾਂ ਦੀ ਸਮੀਖਿਆ ਵੀ ਕੀਤੀ ਗਈ। ਮਹਿਕਮੇ ਦੇ ਅਧਿਕਾਰੀਆਂ ਵੱਲੋਂ ਨਿਰਮਾਣ ਸਮੱਗਰੀ ਜਿਵੇਂ ਕਿ ਰੇਤਾ, ਬਜਰੀ, ਗਟਕਾ ਆਦਿ ਦੀ ਘੱਟ ਉਪਲਬਧਤਾ ਅਤੇ ਪ੍ਰਸ਼ਾਸਕੀ ਪ੍ਰਵਾਨਗੀ ਦੀ ਲੰਬੀ ਪ੍ਰਕਿਰਿਆ ਸਬੰਧੀ ਲੋਕ ਨਿਰਮਾਣ ਮੰਤਰੀ ਦੇ ਧਿਆਨ ਵਿਚ ਲਿਆਂਦਾ। ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਮੰਤਰੀ ਵੱਲੋਂ ਪ੍ਰਸ਼ਾਸਕੀ ਪ੍ਰਵਾਨਗੀ ਨੂੰ ਸਰਲ ਕਰਨ ਅਤੇ ਕਾਰਜਕਾਰੀ ਇੰਜੀਨੀਅਰ ਦੇ ਲੈਵਲ ਤੱਕ ਵੀ ਤੱਤਕਾਲੀ ਕੰਮਾਂ ਲਈ ਕੁੱਝ ਫੰਡ ਮੁਹੱਈਆ ਕਰਵਾਉਣ ਦੀ ਤਜਵੀਜ਼ ਭੇਜਣ ਲਈ ਹੁਕਮ ਜਾਰੀ ਕੀਤੇ।

 

Leave a Reply

Your email address will not be published. Required fields are marked *