ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸਰੂਪਾਂ ਦਾ
ਅੰਮ੍ਰਿਤਸਰ (ਰਵਿੰਦਰ) : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ 328 ਸਰੂਪਾਂ ਦੇ ਮਾਮਲੇ ’ਤੇ ਅੱਜ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਸਬ -ਕਮੇਟੀ ਦੀ ਰਿਪੋਰਟ ਦੀਆ ਸਿਫ਼ਾਰਿਸ਼ਾਂ ਮੰਨਦਿਆਂ 7 ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਤੇ 2 ਕਰਮਚਾਰੀਆਂ ਦੀ ਮੁੜ ਪੜਤਾਲ ਸ਼ੁਰੂ ਕੀਤੀ ਹੈ। ਸ਼੍ਰੋਮਣੀ ਕਮੇਟੀ ਨੇ ਇਸ ਰਿਪੋਰਟ ’ਤੇ ਕਰਮਚਾਰੀਆਂ ’ਤੇ ਕੀਤੀ ਜਾਣ ਵਾਲੀ ਕਾਰਵਾਈ ਨੂੰ ਪੂਰੀ ਤਰ੍ਹਾਂ ਨਾਲ ਗੁਪਤ ਰੱਖਿਆ। ਅੱਜ ਅੰਤ੍ਰਿੰਗ ਕਮੇਟੀ ਦੀ ਮੀਟਿੰਗ ’ਚ ਲਾਪਤਾ ਸਰੂਪਾਂ ਦੇ ਮਾਮਲੇ ’ਤੇ ਬਣੀ ਸਬ-ਕਮੇਟੀ ਦੀ ਰਿਪੋਰਟ ਕਿਸੇ ਵੀ ਮੈਂਬਰ ਨੂੰ ਨਹੀਂ ਦਿਖਾਈ ਗਈ। ਚਲਦੀ ਮੀਟਿੰਗ ’ਚ ਇਕ ਅਧਿਕਾਰੀ ਇਹ ਰਿਪੋਰਟ ਲੈ ਕੇ ਹਾਜ਼ਰ ਹੋਇਆ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਰਿਪੋਰਟ ’ਤੇ ਫ਼ੈਸਲਾ ਸੁਣਾਇਆ।
ਤਿੰਨਾਂ ਆਗੂਆਂ ਨੇ ਕਿਹਾ ਕਿ ਪੰਥ ’ਚ ਇਹ ਬਹੁਤ ਵੱਡੇ ਸਵਾਲ ਨੇ ਕਿ ਆਪਣੀਆਂ ਕਮੇਟੀਆਂ ਬਣਾ ਕੇ ਜਾਂ ਆਪਣੀ ਮਰਜ਼ੀ ਨਾਲ ਜਿਹੜੇ ਫ਼ੈਸਲੇ ਕਰ ਲੈਣਾ, ਇਹ ਪੰਥ ਨੂੰ ਪ੍ਰਵਾਨ ਨਹੀਂ, ਸਹੀ ਤਰੀਕੇ ’ਚ ਹਿਸਾਬ ਦੇਣਾ ਪਵੇਗਾ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਅਗਨੀਕਾਂਡ ਹੋਇਆ, ਉਸ ਸਮੇਂ ਗੁਰੂ ਸਾਹਿਬ ਦੇ ਪਾਵਨ ਸਰੂਪ ਕਿੰਨੇ ਅਗਨ ਭੇਟ ਹੋਏ। ਇਹ ਸਾਰੇ ਸਰੂਪ ਗੋਇੰਦਵਾਲ ਸਾਹਿਬ ਕਿਉਂ ਨਹੀਂ ਦਰਜ ਹੋਏ, ਈਸ਼ਰ ਸਿੰਘ ਵਾਲੀ ਰਿਪੋਰਟ ਹੈ, ਉਸ ’ਚ ਵੀ ਬਹੁਤ ਵੱਡੇ ਖੁਲਾਸੇ ਹੋਏ ਹਨ, ਭਾਵੇਂ ਜਾਂਚ ਨੂੰ ਪੰਥ ਦੇ ਵੱਡੇ ਹਿੱਸੇ ’ਚ ਪੂਰੀ ਤਰ੍ਹਾਂ ਸਹੀ ਨਹੀਂ ਪਾਇਆ ਗਿਆ ਕਿਉਂਕਿ ਅਸਲ ਦੋਸ਼ੀ ਬਚਾਏ ਗਏ, ਜਿਨ੍ਹਾਂ ਦੇ ਵੱਡੇ ਰੋਲ ਸਨ।