ਜੇਲ੍ਹ ’ਚ ਬੰਦ ਹਵਾਲਾਤੀ ਨਾਲ ਪੁਲਸ ਨੇ ਬੇਰਹਿਮੀ ਨਾਲ ਕੁੱਟਮਾਰ ਕੀਤੀ
ਅੰਮ੍ਰਿਤਸਰ (ਰਵਿੰਦਰ) : ਬਰਨਾਲਾ ਜੇਲ੍ਹ ’ਚ ਬੰਦ ਇਕ ਹਵਾਲਾਤੀ ਨੇ ਜੇਲ੍ਹ ’ਚ ਕਥਿਤ ਤੌਰ ’ਤੇ ਦੋ ਪੁਲਸ ਕਰਮਚਾਰੀਆਂ ’ਤੇ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ। ਉਕਤ ਹਵਾਲਾਤੀ ਨੂੰ ਜੇਲ੍ਹ ਪ੍ਰਸ਼ਾਸਨ ਨੇ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਚ ਭਰਤੀ ਕਰਵਾਇਆ। ਸਿਵਲ ਹਸਪਤਾਲ ’ਚ ਗੱਲਬਾਤ ਕਰਦਿਆਂ ਹਵਾਲਾਤੀ ਚਰਨੀ ਕੁਮਾਰ ਵਾਸੀ ਬਰਨਾਲਾ ਨੇ ਦੱਸਿਆ ਕਿ ਇਸ ਸਮੇਂ ਮੈਂ ਬਰਨਾਲਾ ਜੇਲ ’ਚ ਇਕ ਮਾਮਲੇ ’ਚ ਬੰਦ ਹਾਂ। ਮੈਨੂੰ ਜੇਲ੍ਹ ’ਚ ਦੋ ਪੁਲਸ ਕਰਮਚਾਰੀਆਂ ਨੇ ਬੜੀ ਬੇਰਹਿਮੀ ਨਾਲ ਕੁੱਟਿਆ। ਇਥੋਂ ਤੱਕ ਕਿ ਮੇਰੇ ਗੁਪਤ ਅੰਗਾਂ ’ਤੇ ਵੀ ਲੱਤਾਂ ਮਾਰੀਆਂ, ਜਿਸ ਕਾਰਨ ਮੈਂ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਮੇਰੀ ਮੰਗ ਹੈ ਕਿ ਦੋਸ਼ੀ ਪੁਲਸ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਜਾਣਕਾਰੀ ਸਬੰਧੀ ਬਰਨਾਲਾ ਜੇਲ ਦੇ ਸੁਪਰਡੈਂਟ ਬਲਜੀਤ ਸਿੰਘ ਨੇ ਕਿਹਾ ਕਿ ਹਵਾਲਾਤੀ ਚਰਨੀ ਕੁਮਾਰ ਨੇ ਜੇਲ ’ਚ ਪੁਲਸ ਕਰਮਚਾਰੀਆਂ ਨਾਲ ਹੱਥੋਪਾਈ ਕੀਤੀ। ਇਸ ਮਾਮਲੇ ’ਚ ਇਸ ਵਿਰੁੱਧ ਕੇਸ ਵੀ ਦਰਜ ਕੀਤਾ ਗਿਆ। ਹਵਾਲਾਤੀ ਚਰਨੀ ਕੁਮਾਰ ਨੇ ਜੇਲ ’ਚ ਗਲਤ ਢੰਗ ਨਾਲ ਬਿਜਲੀ ਦੀਆਂ ਤਾਰਾਂ ਲਾ ਕੇ ਹੀਟਰ ਲਗਾਇਆ ਹੋਇਆ ਸੀ, ਜਿਸ ਕਾਰਨ ਜਾਨ ਮਾਲ ਦਾ ਖਤਰਾ ਸੀ। ਜਦੋਂ ਪੁਲਸ ਕਰਮਚਾਰੀਆਂ ਨੇ ਉਸਨੂੰ ਇੰਝ ਕਰਨ ਤੋਂ ਰੋਕਿਆ ਤਾਂ ਇਸਨੇ ਪੁਲਸ ਕਰਮਚਾਰੀਆਂ ਨਾਲ ਹੱਥੋਪਾਈ ਕੀਤੀ। ਜਦੋਂ ਇਸ ਵਿਰੁੱਧ ਕੇਸ ਦਰਜ ਕਰ ਦਿੱਤਾ ਗਿਆ ਤਾਂ ਇਸਨੇ ਹੱੁਲੜਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ | ਜਿਸ ਕਾਰਨ ਸਾਨੂੰ ਇਸਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ।