ਫਿਰੌਤੀ ਦੇ ਜਾਲ ‘ਚ ਟਰੈਵਲ ਏਜੰਟ ਨੂੰ, ਜਾਨੋਂ ਮਾਰਨ ਦੀ ਧਮਕੀਆਂ
ਅੰਮ੍ਰਿਤਸਰ (ਰਵਿੰਦਰ) : ਸ਼ਹਿਰ ਦੇ ਮਸ਼ਹੂਰ ਟਰੈਵਲ ਏਜੰਟ ਰੂਬਲ ਸੰਧੂ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੁਰਗੇ ਨੇ ਫੋਨ ਕਰ ਕੇ 20 ਲੱਖ ਰੁਪਏ ਦੀ ਫਿਰੌਤੀ ਮੰਗੀ ਹੈ। ਉਸਨੇ ਇਹ ਧਮਕੀ ਵੀ ਦਿੱਤੀ ਕਿ ਜੇਕਰ ਉਸਨੂੰ ਪੈਸੇ ਨਾ ਮਿਲੇ ਤਾਂ 2 ਦਿਨਾਂ ਅੰਦਰ ਉਸਨੂੰ ਜਾਨ ਤੋਂ ਹੱਥ ਧੋਣਾ ਪੈ ਜਾਵੇਗਾ। ਇਸ ਸਬੰਧੀ ਰੂਬਲ ਸੰਧੂ ਨੇ ਕੰਟਰੋਲ ਰੂਮ ’ਚ ਫੋਨ ਕਰ ਕੇ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਮੋਬਾਇਲ ਨੰਬਰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਟਰੈਵਲ ਏਜੰਟ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਰੂਬਲ ਸੰਧੂ ਨੇ ਦੱਸਿਆ ਕਿ ਉਹ ਕੁਝ ਦਿਨਾਂ ਤੋਂ ਗੁਜਰਾਤ ਵਿਚ ਸਨ ਤੇ ਬੀਤੀ ਰਾਤ ਹੀ ਉਹ ਜਲੰਧਰ ਪਰਤੇ ਸਨ ਕਿ ਸੋਮਵਾਰ ਸ਼ਾਮ ਨੂੰ ਉਨ੍ਹਾਂ ਦੇ ਮੋਬਾਇਲ ਨੰਬਰ ’ਤੇ ਵਿਦੇਸ਼ੀ ਨੰਬਰ ਤੋਂ ਫੋਨ ਆਇਆ।
ਜਾਣਕਾਰੀ ਮੁਤਾਬਿਕ ਫੋਨ ਕਰਨ ਵਾਲੇ ਨੇ ਪਹਿਲਾਂ ਤਾਂ ਉਸ ਦੀਆਂ ਲੋਕੇਸ਼ਨਾਂ ਬਾਰੇ ਦੱਸਿਆ ਅਤੇ ਘਰ ਦੇ ਬਾਰੇ ਵੀ ਉਸਨੂੰ ਜਾਣਕਾਰੀ ਸੀ। ਫਿਰ ਉਹ ਕਹਿਣ ਲੱਗਾ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ ਅਤੇ ਜੇਕਰ ਉਹ ਜ਼ਿੰਦਾ ਰਹਿਣਾ ਚਾਹੁੰਦਾ ਹੈ ਤਾਂ ਉਸਨੂੰ 20 ਲੱਖ ਰੁਪਏ ਦੇਵੇ। ਫੋਨ ਕਰਨ ਵਾਲੇ ਨੇ ਕਿਹਾ ਕਿ ਪੈਸੇ ਨਾ ਦਿੱਤੇ ਤਾਂ 2 ਦਿਨਾਂ ਅੰਦਰ ਉਸਦੀ ਹੱਤਿਆ ਕਰ ਦਿੱਤੀ ਜਾਵੇਗੀ। ਵਿਅਕਤੀ ਨੇ 2 ਮਿੰਟ ਤੱਕ ਰੂਬਲ ਨਾਲ ਗੱਲ ਕੀਤੀ ਅਤੇ ਫਿਰ ਫੋਨ ਕੱਟ ਦਿੱਤਾ।