ਖ਼ਾਕੀ ਹੋਈ ਦਾਗ਼ਦਾਰ, ਸਵੇਰੇ ਪੁਲਿਸ ਡਿਊਟੀ ਤੇ ਸ਼ਾਮ ਨੂੰ ਲੁਟੇਰਾ
ਅੰਮ੍ਰਿਤਸਰ (ਰਵਿੰਦਰ)-ਪੁਲਸ ਮੁਲਾਜ਼ਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਰਾਹ ਜਾਂਦੀ ਔਰਤ ਦੇ ਕੰਨਾਂ ਦੀਆਂ ਵਾਲੀਆਂ ਲਾਹ ਲਈਆਂ। ਲੋਕਾਂ ਨੇ ਫੜ ਕੇ ਛਿੱਤਰ-ਪਰੇਡ ਕਰ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਉਕਤ ਪੁਲਸ ਮੁਲਾਜ਼ਮ ਦੇ 2 ਸਾਥੀ ਭੱਜਣ ’ਚ ਕਾਮਯਾਬ ਹੋ ਗਏ। ਮਿਲੀ ਸੂਚਨਾ ਮੁਤਾਬਕ ਅੱਜ ਸ਼ਾਮ 6 ਵਜੇ ਮਹਿਲਾ ਕੁਲਵਿੰਦਰ ਕੌਰ ਆਪਣੇ ਬੱਚੇ ਨੂੰ ਟਿਊਸ਼ਨ ਤੋਂ ਛੁੱਟੀ ਕਰਵਾ ਕੇ ਘਰ ਲਿਜਾ ਰਹੀ ਸੀ। ਔਰਤ ਦੇ ਮੁਤਾਬਕ ਜਿਉਂ ਹੀ ਉਹ ਨੂਰਮਹਿਲ ਰੋਡ ਨੇੜੇ ਪੁੱਜੀ ਤਾਂ ਪਿੱਛੋਂ 3 ਲੋਕਾਂ ਨੇ ਉਸ ਨੂੰ ਫੜ ਕੇ ਜਬਰਨ ਉਸ ਦੇ ਕੰਨਾਂ ’ਚ ਪਹਿਨੀਆਂ ਸੋਨੇ ਦੀਆਂ ਵਾਲੀਆਂ ਲਾਹ ਲਈਆਂ। ਪੁਲਸ ਥਾਣੇ ’ਚ ਮੌਜੂਦ ਔਰਤ ਕੁਲਵਿੰਦਰ ਕੌਰ ਨੇ ਕਿਹਾ ਕਿ ਜਦੋਂ ਰਾਖੇ ਹੀ ਲੁਟੇਰੇ ਬਣ ਲੱਗ ਜਾਣ ਤਾਂ ਆਮ ਲੋਕ ਕਿੱਥੇ ਜਾਣਗੇ। ਉੱਥੇ ਖੜ੍ਹੀ ਆਮ ਜਨਤਾ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਸਵੇਰੇ ਇਹ ਪੁਲਸ ਮੁਲਾਜ਼ਮ ਵਰਦੀ ਪਹਿਨ ਕੇ ਆਮ ਜਨਤਾ ਦੀ ਸੇਵਾ ਕਰਨ ਦਾ ਫਰਜ਼ ਨਿਭਾਉਂਦੇ ਹਨ ਅਤੇ ਸੂਰਜ ਢਲਦੇ ਹੀ ਉੱਥੇ ਪੁਲਸ ਵਰਦੀ ’ਚ ਲੁਟੇਰੇ ਬਣ ਕੇ ਸਾਡੀਆਂ ਔਰਤਾਂ ਨੂੰ ਲੁੱਟਦੇ ਹਨ। ਅਜਿਹੇ ਪੁਲਸ ਮੁਲਾਜ਼ਮਾਂ ਦੇ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਇਸ ਸਬੰਧੀ ਜਦੋਂ ਥਾਣਾ ਮੁਖੀ ਸੁਰਿੰਦਰ ਕੁਮਾਰ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਡਿਊਟੀ ’ਤੇ ਕਿਤੇ ਬਾਹਰ ਹਨ, ਜਿਉਂ ਹੀ ਉਹ ਥਾਣੇ ਪੁੱਜਦੇ ਹਨ, ਉਹ ਅਜਿਹੇ ਪੁਲਸ ਮੁਲਾਜ਼ਮਾਂ ਵਿਰੁੱਧ ਸਖਤ ਕਾਰਵਾਈ ਕਰਨਗੇ, ਜਿਨ੍ਹਾਂ ਨੇ ਕਾਨੂੰਨ ਹੱਥ ’ਚ ਲੈਣ ਦਾ ਯਤਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਪੁਲਸ ਮੁਲਾਜ਼ਮਾਂ ਦੀ ਬਦੌਲਤ ਹੀ ਲੋਕਾਂ ਦਾ ਪੁਲਸ ਤੋਂ ਭਰੋਸਾ ਉੱਠ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਸ ਮੁਲਾਜ਼ਮ ਨੂੰ ਲੋਕਾਂ ਨੇ ਫੜ ਕੇ ਪੁਲਸ ਹਵਾਲੇ ਕੀਤਾ ਹੈ, ਉਸ ਦਾ ਨਾਂ ਸਿਪਾਹੀ ਗੋਬਿੰਦ ਕੁਮਾਰ ਹੈ।