November 25, 2024

ਕਦੋ ਮਿਲੇਗਾ ਬਹਿਬਲ ਕਲਾਂ ਗੋਲੀ ਕਾਂਡ ਪੀੜਿਤਾਂ ਨੂੰ ਇਨਸਾਫ ?

ਅੰਮ੍ਰਿਤਸਰ (ਰਵਿੰਦਰ ਕੌਰ) : ਬਹਿਬਲ ਕਲਾਂ ਗੋਲੀ ਕਾਂਡ ਇਨਸਾਫ਼ ਮੋਰਚੇ ਵਾਲੀ ਥਾਂ ‘ਤੇ ਸੁਖਰਾਜ ਸਿੰਘ ਨੇ ਕਿਹਾ ਕਿ ਸਰਕਾਰ ਨੇ 3 ਵਾਰ ਸਮਾਂ ਲੈਣ ਤੋਂ ਬਾਅਦ ਵੀ ਸਾਡੀ ਇਸ ਮੁਸ਼ਕਲ ਦਾ ਕੋਈ ਹੱਲ ਨਹੀਂ ਕੀਤਾ ਤੇ ਨਾ ਹੀ ਇਨਸਾਫ਼ ਦਿੱਤਾ। ਇਸ ਤੋਂ ਇਲਾਵਾ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਦਾਅਵਾ ਕੀਤੀ ਸੀ ਕਿ ਇਸ ਮਾਮਲੇ ‘ਚ 24 ਘੰਟਿਆਂ ਅੰਦਰ ਇਨਸਾਫ਼ ਦਿੱਤਾ ਜਾ ਸਕਦਾ ਹੈ ਪਰ ਹੁਣ ਇਨ੍ਹਾਂ ਦੇ ਸਵਾਲ ਖ਼ੁਦ ‘ਤੇ ਆ ਕੇ ਹੀ ਖੜ੍ਹੇ ਹੋ ਗਏ ਹਨ। ਸੁਖਰਾਜ ਨੇ ਕਿਹਾ ਕਿ ਹੁਣ ਸਰਕਾਰ ਵੱਲੋਂ ਮੰਗੇ ਸਮੇਂ ਦੇ ਸਿਰਫ਼ 9 ਦਿਨ ਬਾਕੀ ਰਹਿ ਗਏ ਹਨ। ਇਹ ਦਿਨ ਪਰਖ ਦੀ ਘੜੀ ਹੈ ਕਿਉਂਕਿ ਸਪੀਕਰ ਸਾਹਿਬ ਨੇ ਗੁਰੂ ਦੀ ਹਜ਼ੂਰੀ ‘ਚ ਕਿਹਾ ਸੀ ਕਿ ਮੈਂ ਪਹਿਲਾਂ ਸਿੱਖ ਹਾਂ ਅਤੇ ਮੈਂ ਪੰਥ ਦਾ ਹਾਂ। ਉਨ੍ਹਾਂ ਕਿਹਾ ਕਿ ਹੁਣ ਦੇਖਣਾ ਹੋਵੇਗਾ ਕਿ ਸਪੀਕਰ ਸਾਹਿਬ ਅਸਲ ‘ਚ ਪੰਥਕ ਹਨ ਜਾਂ ਫਿਰ ਸਰਕਾਰ ਨਾਲ ਖੜ੍ਹੇ ਹੋ ਕੇ ਸਮਾਂ ਵਧਾਉਣ-ਘਟਾਉਣ ਦੀ ਗੱਲ ਕਰਦੇ ਹਨ। ਸੁਖਰਾਜ ਨੇ ਕਿਹਾ ਕਿ ਇਸ ਮਾਮਲੇ ‘ਚ SIT ਵੱਲੋਂ ਪੁੱਛਗਿੱਛ ਕਰਨ ਦਾ ਕੰਮ ਤਾਂ ਪਿਛਲੇ 8 ਸਾਲ ਤੋਂ ਲਗਾਤਾਰ ਜਾਰੀ ਹੈ।

ਸੁਖਰਾਜ ਸਿੰਘ ਨੇ ਕਿਹਾ ਕਿ ਅਸੀਂ ਨਤੀਜੇ ਦੀ ਉਡੀਕ ‘ਚ ਹਾਂ ਤੇ ਕਿਸੇ ਕੋਲੋਂ ਪੁੱਛਗਿੱਛ ਕਰਨੀ ਇਸ ਦਾ ਹੱਲ ਨਹੀਂ ਹੈ। ਇਸ ਦਾ ਹੱਲ ਹੈ ਕਿ ਸਰਕਾਰ ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਕੀ ਕਰ ਰਹੀ ਹੈ, ਕੀ ਇਸ ਮਾਮਲੇ ‘ਚ ਦੋਸ਼ੀ ਨੂੰ ਮੌਤ ਦੀ ਸਜ਼ਾ ਤੱਕ ਲੈ ਕੇ ਜਾਵੇਗੀ, ਗੋਲ਼ੀਕਾਂਡ ‘ਚ ਗੋਲ਼ੀਆਂ ਚਲਾਉਣ ਵਾਲਿਆਂ ‘ਤੇ ਕੀ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਨਤੀਜੇ ਦੀ ਉਡੀਕ ‘ਚ ਹਨ। ਉਨ੍ਹਾਂ ਕਿਹਾ ਕਿ ਹੁਣ 30 ਤਰੀਕ ਤੱਕ ਜੇਕਰ ਇਨਸਾਫ਼ ਨਹੀਂ ਮਿਲਦਾ ਤਾਂ ਸਮੁੱਚੀਆਂ ਸਿੱਖ ਜਥੇਬੰਦੀਆਂ ਇਕੱਠੀਆਂ ਹੋਣਗੀਆਂ। ਉਸ ਤੋਂ ਬਾਅਦ ਹੋਣ ਵਾਲਾ ਐਕਸ਼ਨ ਸੰਗਤ ਰੂਪੀ ਹੋਵੇਗਾ। ਕਿਉਂਕਿ ਪੰਜਾਬ ਦੇ ਲੋਕਾਂ ਨੇ ਚੰਗੇ ਕੰਮ ਕਰਨ ਲਈ ਸਰਕਾਰ ਬਣਾਈ ਸੀ। ਜਿਹੜੇ ਮਸਲਿਆਂ ਦਾ ਸਹਾਰਾ ਲੈ ਸਰਕਾਰ ਅੱਗੇ ਆਈ ਹੈ ਜੇਕਰ ਉਹੀ ਹੱਲ ਨਾ ਹੋਏ ਤਾਂ ਫਿਰ ਲੋਕ ਇਨ੍ਹਾਂ ਨੂੰ ਘਰ ਬਿਠਾ ਦੇਵੇਗੀ।

 

Leave a Reply

Your email address will not be published. Required fields are marked *