ਗੈਂਗਸਟਰ ’ਤੇ ਲਾਇਆ ਅੱਤਵਾਦੀ ਘਰ ਦੇ ਬਾਹਰ ਧਮਾਕਾ ਕਰਨ ਦਾ ਦੋਸ਼
ਅੰਮ੍ਰਿਤਸਰ(ਰਵਿੰਦਰ) – ਪਾਕਿਸਤਾਨ ਨੇ ਭਾਰਤ ’ਤੇ ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੇ ਘਰ ਦੇ ਬਾਹਰ ਧਮਾਕਾ ਕਰਵਾਉਣ ਦਾ ਦੋਸ਼ ਲਗਾਇਆ ਹੈ। ਪਿਛਲੇ ਸਾਲ ਜੂਨ ’ਚ ਹਾਫਿਜ਼ ਸਈਦ ਦੇ ਘਰ ਦੇ ਬਾਹਰ ਇਹ ਧਮਾਕਾ ਹੋਇਆ ਸੀ। ਇਸ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 2 ਪੁਲਸ ਮੁਲਾਜ਼ਮਾਂ ਸਮੇਤ 24 ਲੋਕ ਜ਼ਖ਼ਮੀ ਹੋਏ ਸਨ। ਇੰਨਾ ਹੀ ਨਹੀਂ, ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਇਸ ਹਮਲੇ ਦਾ ਮਾਸਟਰਮਾਈਂਡ ਬਬਲੂ ਸ਼੍ਰੀਵਾਸਤਵ ਹੈ।
ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾ ਖ਼ਾਨ ਨੇ ਪੰਜਾਬ ਕਾਊਂਟਰ ਟੈਰਰਿਜ਼ਮ ਦੇ ਐਡੀਸ਼ਨਲ ਇੰਸਪੈਕਟਰ ਜਨਰਲ ਨਾਲ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਧਮਾਕੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਸਬੂਤ ਹਨ ਕਿ ਇਸ ਹਮਲੇ ਪਿੱਛੇ ਭਾਰਤ ਦਾ ਹੱਥ ਸੀ। ਉਨ੍ਹਾਂ ਕਿਹਾ ਕਿ ਅਸੀਂ ਦੁਨੀਆ ਸਾਹਮਣੇ ਆਪਣੀ ਗੱਲ ਰੱਖਣ ਦਾ ਫ਼ੈਸਲਾ ਲਿਆ ਹੈ।
ਸਨਾਉੱਲ੍ਹਾ ਨੇ ਦਾਅਵਾ ਕੀਤਾ ਕਿ ਵਿਦੇਸ਼ ਮੰਤਰਾਲਾ ਇਹ ਮਾਮਲਾ ਦੁਨੀਆ ਸਾਹਮਣੇ ਰੱਖੇਗਾ ਕਿਉਂਕਿ ਇਸ ਹਮਲੇ ਦੇ ਦੋਸ਼ੀ ਨੂੰ ਸਬੂਤਾਂ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਸਬੂਤ ਦੱਸਦੇ ਹਨ ਕਿ ਭਾਰਤ ਇਸ ’ਚ ਸਿੱਧੇ ਤੌਰ ’ਤੇ ਸ਼ਾਮਲ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਭਾਰਤ ਪਾਕਿਸਤਾਨ ’ਚ ਬੈਨ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ ਦਾ ਵੀ ਸਮਰਥਨ ਕਰ ਰਿਹਾ ਹੈ। ਉਥੇ ਪਾਕਿਸਤਾਨ ਦੇ ਪੰਜਾਬ ਕਾਊਂਟਰ ਟੈਰਰਿਜ਼ਮ ਦੇ ਐਡੀਸ਼ਨਲ ਇੰਸਪੈਕਟਰ ਜਨਰਲ ਇਮਰਾਨ ਮਹਿਮੂਦ ਨੇ ਦਾਅਵਾ ਕੀਤਾ ਕਿ ਸਾਨੂੰ ਪਤਾ ਲੱਗਾ ਹੈ ਕਿ ਭਾਰਤ ਵਲੋਂ ਪਾਕਿਸਤਾਨ ’ਚ ਕਈ ਮਾਧਿਅਮਾਂ ਰਾਹੀਂ ਅੱਤਵਾਦ ਫੈਲਾਉਣ ਲਈ ਫੰਡਿੰਗ ਵੀ ਕੀਤੀ ਗਈ ਹੈ।