November 25, 2024

ਸੋਪੋਰ ’ਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ

ਅੰਮ੍ਰਿਤਸਰ (ਰਵਿੰਦਰ) ਜੰਮੂ-ਕਸ਼ਮੀਰ ਦੇ ਸੋਪੋਰ ਉਪ ਜਿਲੇ ਵਿਚ ਤੜਕੇ ਸੁਰੱਖਿਆ ਫੋਰਸਾਂ ਨੇ ਲਗਭਗ 3 ਕਿਲੋ ਦੇ ਸ਼ਕਤੀਸ਼ਾਲੀ ਵਿਸਫੋਟਕ ਉਪਕਰਣ (ਆਈ. ਈ. ਡੀ.) ਦਾ ਪਤਾ ਲਾ ਕੇ ਨਕਾਰਾ ਕੀਤਾ।

ਅਧਿਕਾਰੀਆਂ ਨੇ ਦੱਸਿਆ ਕਿ ਫੌਜ ਦੀ 52 ਰਾਸ਼ਟਰੀ ਰਾਈਫਲਸ ਨੂੰ ਸਵੇਰੇ ਲਗਭਗ ਸਾਢੇ 6 ਵਜੇ ਸੋਪੋਰ-ਕੁਪਵਾੜਾ ਬਾਈਪਾਸ ਦੇ ਤੁਲੀਬਲ ਇਲਾਕੇ ਵਿਚ 3 ਕਿਲੋ ਆਈ. ਈ. ਡੀ. ਦਾ ਪਤਾ ਲੱਗਾ। ਉਨ੍ਹਾਂ ਦੱਸਿਆ ਕਿ ਵਿਸਫੋਟਕ ਨੂੰ ਮੁੱਖ ਸੜਕ ਦੇ ਕੰਢੇ ਖੱਡੇ ਵਿਚ ਦਬਾ ਕੇ ਰੱਖਿਆ ਗਿਆ ਸੀ। ਇਕ ਸੁਰੱਖਿਆ ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਫੋਰਸਾਂ ਨੇ ਸਥਿਤੀ ਨੂੰ ਦੇਖਦੇ ਅਤੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਖੇਤਰ ਦੀ ਘੇਰਾਬੰਦੀ ਕਰਦੇ ਹੋਏ ਤੁਰੰਤ ਆਵਾਜਾਈ ਨੂੰ ਰੋਕ ਦਿੱਤਾ ਗਿਆ। ਬੰਬ ਨਸ਼ਟ ਕਰਨ ਵਾਲੀ ਟੀਮ ਨੂੰ ਬੁਲਾਇਆ ਗਿਆ ਅਤੇ ਖੋਜੀ ਸਵਾਨ ਨੇ ਵਿਸਫੋਟਕ ਆਈ. ਈ. ਡੀ. ਮੌਜੂਦ ਹੋਣ ਦੀ ਪੁਸ਼ਟੀ ਕੀਤੀ।

ਉਨ੍ਹਾਂ ਕਿਹਾ ਕਿ ਆਈ. ਈ. ਡੀ. ਨੂੰ ਬੰਬ ਨਸ਼ਟ ਕਰਨ ਵਾਲੀ ਟੀਮ ਨੇ ਸੁਰੱਖਿਅਤ ਤਰੀਕੇ ਨਾਲ ਨਕਾਰਾ ਕਰ ਦਿੱਤਾ । ਉਨ੍ਹਾਂ ਕਿਹਾ ਕਿ 2 ਘੰਟੇ ਦੇ ਅੰਦਰ ਹੀ ਰਾਜਮਾਰਗ ’ਤੇ ਆਵਾਜਾਈ ਬਹਾਲ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸੁਰੱਖਿਆ ਫੋਰਸਾਂ ਦੀ ਚੌਕਸੀ ਅਤੇ ਤੁਰੰਤ ਕਾਰਵਾਈ ਨੇ ਇਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਹੈ।

 

Leave a Reply

Your email address will not be published. Required fields are marked *