ਨਾਬਾਲਗ ਕੁੜੀ ਨੂੰ ਨਸ਼ੀਲੀ ਚੀਜ਼ ਖੁਆ 4 ਮੁੰਡਿਆਂ ਅੱਗੇ ਪਰੋਸਿਆ ਸੀ
ਅੰਮ੍ਰਿਤਸਰ (ਰਵਿੰਦਰ) : ਸ਼ਹਿਰ ’ਚ ਜਿਸਮਫਰੋਸ਼ੀ ਦਾ ਧੰਦਾ ਕਰਨ ਵਾਲੀ ਇਕ ਔਰਤ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਕਤ ਔਰਤ ਨੇ ਨਾਬਾਲਗ ਕੁੜੀ ਨੂੰ ਨਸ਼ੀਲੀ ਚੀਜ਼ ਖੁਆ ਕੇ 4 ਮੁੰਡਿਆਂ ਤੋਂ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕਰਵਾਇਆ ਸੀ। ਜਦ ਨਾਬਾਲਗਾ ਨੂੰ ਹੋਸ਼ ਆਇਆ ਤਾਂ ਉਸ ਨੂੰ ਜਿਸਮਫਰੋਸ਼ੀ ਦਾ ਧੰਦਾ ਕਰਨ ਲਈ ਡਰਾਇਆ-ਧਮਕਾਇਆ ਗਿਆ। ਨਾਬਾਲਗਾ ਨੇ ਸਾਰੀ ਗੱਲ ਘਰ ਪੁੱਜ ਕੇ ਆਪਣੀ ਮਾਸੀ ਨੂੰ ਦੱਸੀ, ਜਿਸ ਤੋਂ ਬਾਅਦ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ। ਇਸ ਮਾਮਲੇ ’ਚ ਥਾਣਾ ਡਾਬਾ ਦੀ ਪੁਲਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਮੁਲਜ਼ਮ ਔਰਤ ਰੀਟਾ ਰਾਣੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਜਾਣਕਾਰੀ ਮੁਤਾਬਕ ਨਾਬਾਲਗ ਨੂੰ ਉਸ ਔਰਤ ਨੇ ਆਪਣੇ ਘਰ ਬੁਲਾਇਆ ਤੇ ਉੱਥੇ ਮੁਲਜ਼ਮ ਔਰਤ ਨੇ ਉਸ ਨੂੰ ਕਿਸੇ ਚੀਜ਼ ’ਚ ਨਸ਼ਾ ਦੇ ਦਿੱਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਫਿਰ ਔਰਤ ਦੇ ਕਹਿਣ ’ਤੇ ਉਸ ਦੇ ਕੋਲ ਆਏ 4 ਨੌਜਵਾਨਾਂ ਨੇ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ। ਐੱਸ. ਐੱਚ. ਓ. ਰਣਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਰੀਟਾ ਰਾਣੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਸੀ, ਜਿੱਥੋਂ ਉਸ ਨੂੰ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ ਗਿਆ ਹੈ। ਉੱਥੇ ਪੀੜਤਾ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਬਾਕੀ ਮੁਲਜ਼ਮਾਂ ਨੂੰ ਫੜ੍ਹਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।