ਸੁਖਬੀਰ ਬਾਦਲ ਦੇ ਨਿਸ਼ਾਨੇ ’ਤੇ ਪੰਜਾਬ ਸਰਕਾਰ
ਅੰਮ੍ਰਿਤਸਰ (ਰਵਿੰਦਰ) : ਤਰਨਤਾਰਨ ਦੇ ਸਰਹਾਲੀ ਥਾਣੇ ’ਤੇ ਹੋਏ ਰਾਕੇਟ ਲਾਂਚਰ ਹਮਲੇ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਕਿ ਪੰਜਾਬ ਵਿਚ 6 ਮਹੀਨਿਆਂ ਦੌਰਾਨ ਪੁਲਸ ਦੀ ਇਮਾਰਤ ’ਤੇ ਰਾਕੇਟ ਲਾਂਚਰ ਨਾਲ ਇਹ ਦੂਜਾ ਹਮਲਾ ਹੋਇਆ ਹੈ। ਇਹ ਸਾਰਾ ਕੁਝ ਅਮਨ-ਕਾਨੂੰਨ ਨੂੰ ਕਾਇਮ ਰੱਖਣ ਵਿਚ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਸਫਲਤਾ ਅਤੇ ਨਲਾਇਕੀ ਅਤੇ ਨਾਰਕੋ-ਅੱਤਵਾਦ ਨੂੰ ਮੁੜ ਸਿਰ ਚੁੱਕਣ ਦੇਣ ਦੀ ਖੁੱਲ੍ਹ ਦਾ ਨਤੀਜਾ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਥਿਤੀ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਹੈ ਅਤੇ ਫ਼ੈਲਦੀ ਜਾ ਰਹੀ ਅਰਾਜਕਤਾ ਨੂੰ ਰੋਕਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।
ਤਰਨਤਾਰਨ ਦੇ ਸਰਹਾਲੀ ਪੁਲਸ ਥਾਣੇ ’ਤੇ ਬੀਤੀ ਰਾਤ ਹੋਏ ਆਰ. ਪੀ. ਜੀ. ਅਟੈਕ ਨੂੰ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਪਾਕਿਸਤਾਨ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਮੌਕੇ ’ਤੇ ਪਹੁੰਚੇ ਡੀ. ਜੀ. ਪੀ. ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀ. ਜੀ. ਪੀ. ਨੇ ਕਿਹਾ ਕਿ ਇਹ ਹਮਲਾ ਸ਼ੁੱਕਰਵਾਰ ਰਾਤ ਲਗਭਗ 11.22 ਵਜੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਮਲੇ ਲਈ ਹਥਿਆਰ ਪਾਕਿਸਤਾਨ ਵਾਲੇ ਪਸਿਓਂ ਭੇਜੇ ਗਏ ਸਨ। ਪੁਲਸ ਨੇ ਯੂ. ਏ. ਪੀ. ਏ. ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।