ਚਾਵਾਂ ਨਾਲ ਬਣਾਏ ਆਸ਼ਿਆਨੇ ਮਿੰਟਾਂ ‘ਚ ਹੋਏ ਢਹਿ-ਢੇਰੀ
ਅੰਮ੍ਰਿਤਸਰ (ਰਵਿੰਦਰ) – ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਦੇ ਨਾਲ ਲੱਗਦੇ ਲਤੀਫਪੁਰਾ ਵਿਚ ਨਾਜਾਇਜ਼ ਕਬਜ਼ਿਆਂ ਨੂੰ ਢਹਿ-ਢੇਰੀ ਕਰਨ ਦੀ ਵੱਡੀ ਕਾਰਵਾਈ ਨੂੰ ਅੰਜਾਮ ਦਿੰਦਿਆਂ ਇੰਪਰੂਵਮੈਂਟ ਟਰੱਸਟ ਨੇ ਸੈਂਕੜੇ ਲੋਕਾਂ ਨੂੰ ਬੇਘਰ ਕਰਕੇ ਪਿਛਲੇ ਕਈ ਸਾਲਾਂ ਤੋਂ ਵਿਵਾਦਿਤ ਚਲੀ ਆ ਰਹੀ ਜ਼ਮੀਨ ਦਾ ਕਬਜ਼ਾ ਲੈ ਲਿਆ ਹੈ। ਹੁਣ 12 ਦਸੰਬਰ ਨੂੰ ਮਾਣਯੋਗ ਹਾਈ ਕੋਰਟ ’ਚ ਕੇਸ ਦੀ ਸੁਣਵਾਈ ਦੌਰਾਨ ਟਰੱਸਟ ਅਤੇ ਪੁਲਸ ਪ੍ਰਸ਼ਾਸਨ ਐਕਸ਼ਨ ਟੇਕਨ ਰਿਪੋਰਟ ਦਾਇਰ ਕਰੇਗਾ। ਵੀਰਵਾਰ ਰਾਤ ਤੋਂ ਹੀ ਭਾਰੀ ਗਿਣਤੀ ਵਿਚ ਪੁਲਸ ਫੋਰਸ ਨੂੰ ਲਤੀਫਪੁਰਾ ਵਿਚ ਤਾਇਨਾਤ ਕਰ ਦਿੱਤਾ ਗਿਆ ਸੀ ਅਤੇ ਰਾਤ ਭਰ ਤੋਂ ਹੀ ਪ੍ਰਭਾਵਿਤ ਘਰਾਂ ਦੇ ਨਿਵਾਸੀ ਸੜਕ ’ਤੇ ਖੜ੍ਹੇ ਹੋ ਕੇ ਉਨ੍ਹਾਂ ਦੇ ਘਰਾਂ ਨੂੰ ਤੋੜਨ ਸਬੰਧੀ ਹੋਣ ਵਾਲੀ ਕਾਰਵਾਈ ਦਾ ਵਿਰੋਧ ਕਰ ਰਹੇ ਸਨ।
ਕਰੀਬ ਸਵੇਰੇ 5.30 ਵਜੇ ਦੇ ਲਗਭਗ ਡੀ. ਸੀ. ਪੀ. ਜਗਮੋਹਨ ਸਿੰਘ, ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ, ਡੀ. ਸੀ. ਪੀ. ਲਾਅ ਐਂਡ ਆਰਡਰ ਅੰਕੁਰ ਗੁਪਤਾ, ਏ. ਡੀ. ਸੀ. ਪੀ. ਸਿਟੀ-2 ਆਦਿੱਤਿਆ ਕੁਮਾਰ, ਏ. ਸੀ. ਪੀ. ਮਾਡਲ ਟਾਊਨ ਰਣਧੀਰ ਸਿੰਘ ਦੀ ਅਗਵਾਈ ਵਿਚ ਜਲੰਧਰ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਕਪੂਰਥਲਾ ਜ਼ਿਲ੍ਹਿਆਂ ਤੋਂ 600 ਦੇ ਲਗਭਗ ਪੁਲਸ ਕਰਮਚਾਰੀਆਂ ਨੇ ਲਤੀਫਪੁਰਾ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ। ਲਤੀਫਪੁਰਾ ਨੂੰ ਜਾਣ ਵਾਲੀ ਹਰੇਕ ਸੜਕ ਅਤੇ ਗਲੀ ਦੇ ਬਾਹਰ ਬੈਰੀਕੇਡ ਲਾ ਕੇ ਲੋਕਾਂ ਦੀ ਆਵਾਜਾਈ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਇਥੋਂ ਤੱਕ ਕਿ ਲੋਕਾਂ ਨੂੰ ਪੈਦਲ ਵੀ ਬੈਰੀਕੇਡਜ਼ ਤੋਂ ਲੰਘਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਲਤੀਫਪੁਰਾ ਨਿਵਾਸੀਆਂ ਨੂੰ ਮੌਕੇ ਤੋਂ ਲਿਜਾਣ ਤੋਂ ਬਾਅਦ ਨਿਗਮ ਦੀਆਂ ਡਿੱਚ ਮਸ਼ੀਨਾਂ ਨੇ ਲਤੀਫਪੁਰਾ ਦੇ ਨਾਜਾਇਜ਼ ਕਬਜ਼ਿਆਂ ਨੂੰ ਡੇਗਣ ਦਾ ਕੰਮ ਸ਼ੁਰੂ ਕਰ ਦਿੱਤਾ।