ਰਾਜਸਥਾਨ : ਗੈਸ ਸਿਲੰਡਰ ਫਟਣ ਨਾਲ 5 ਲੋਕਾਂ ਦੀ ਮੌਤ 49 ਜ਼ਖ਼ਮੀ
ਅੰਮ੍ਰਿਤਸਰ (ਰਵਿੰਦਰ) – ਰਾਜਸਥਾਨ ‘ਚ ਜੋਧਪੁਰ ਦੇ ਇਕ ਮਕਾਨ ‘ਚ ਰਸੋਈ ਗੈਸ ਸਿਲੰਡਰ ਫਟਣ ਨਾਲ 5 ਲੋਕਾਂ ਦੀ ਮੌਤ ਹੋ ਗਈ ਅਤੇ 49 ਹੋਰ ਜ਼ਖ਼ਮੀ ਹੋ ਗਏ। ਇਸ ਘਰ ‘ਚ ਵਿਆਹ ਸਮਾਰੋਹ ਲਈ ਲੋਕ ਇਕੱਠੇ ਹੋਏ ਸਨ। ਉਨ੍ਹਾਂ ਕਿਹਾ ਕਿ ਸ਼ੇਰਗੜ੍ਹ ਸਬ-ਡਿਵੀਜ਼ਨ ਦੇ ਭੁੰਗਰਾ ਪਿੰਡ ‘ਚ ਹੋਏ ਇਸ ਵਿਸਫ਼ੋਟ ਕਾਰਨ ਮਕਾਨ ਦਾ ਇਕ ਹਿੱਸਾ ਵੀ ਡਿੱਗ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀਆਂ ‘ਚੋਂ ਕੁਝ ਲੋਕ 80 ਤੋਂ 100 ਫੀਸਦੀ ਤੱਕ ਝੁਲਸ ਗਏ ਹਨ।
ਧਮਾਕੇ ਤੋਂ ਬਾਅਦ ਹਾਦਸੇ ਵਾਲੀ ਜਗ੍ਹਾ ਕੋਲ ਮੌਜੂਦ ਹੋਰ ਮਹਿਮਾਨ ਅਤੇ ਪਿੰਡ ਵਾਸੀ ਉੱਥੇ ਪਹੁੰਚੇ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ‘ਚ 2 ਬੱਚਿਆਂ ਰਤਨ ਸਿੰਘ (5) ਅਤੇ ਖੁਸ਼ਬੂ (4) ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸਾਰੇ ਜ਼ਖ਼ਮੀਆਂ ਨੂੰ ਐੱਮ.ਜੀ. ਹਸਪਤਾਲ ਲਿਜਾਇਆ ਗਿਆ। ਜ਼ਿਲ੍ਹਾ ਅਧਿਕਾਰੀ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਧਮਾਕੇ ‘ਚ 5 ਲੋਕਾਂ ਦੀ ਮੌਤ ਹੋ ਗਈ ਅਤੇ 49 ਹੋਰ ਲੋਕ ਜ਼ਖ਼ਮੀ ਹੋ ਗਏ ਅਤੇ 80 ਤੋਂ 100 ਫੀਸਦੀ ਤੱਕ ਝੁਲਸ ਗਏ ਹਨ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਕੇਂਦਰੀ ਮੰਤਰੀ ਅਤੇ ਜੋਧਪੁਰ ਤੋਂ ਸੰਸਦ ਮੈਂਬਰ ਗਜੇਂਦਰ ਸਿੰਘ ਸ਼ੇਖਾਵਤ ਨੇ ਇਸ ਘਟਨਾ ‘ਚ ਲੋਕਾਂ ਦੀ ਮੌਤ ਹੋਣ ‘ਤੇ ਸੋਗ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਜ਼ਖ਼ਮੀਆਂ ਦਾ ਚੰਗੇ ਤੋਂ ਚੰਗਾ ਇਲਾਜ ਕਰਵਾਇਆ ਜਾਵੇ।