ਮੂਸੇਵਾਲਾ ਕਤਲ ਕੇਸ ਦੀ ਜਾਂਚ ’ਚ ਅਧਿਕਾਰੀਆਂ ਦੀ ਜਾਨ ਨੂੰ ਖ਼ਤਰਾ
ਅੰਮ੍ਰਿਤਸਰ (ਰਵਿੰਦਰ) – ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਸੁਲਝਾਉਣ ’ਚ ਸ਼ਾਮਲ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਦੇ ਅਧਿਕਾਰੀਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਸਪੈਸ਼ਲ ਸੈੱਲ ’ਚ 12 ਅਧਿਕਾਰੀ ਸ਼ਾਮਲ ਹਨ। ਸਪੈਸ਼ਲ ਕਮਿਸ਼ਨਰ ਆਫ਼ ਪੁਲਸ ਐੱਚ. ਜੀ. ਐੱਸ. ਧਾਲੀਵਾਲ, ਡੀ. ਸੀ. ਪੀ. ਸਪੈਸ਼ਲ ਸੈੱਲ ਮਨੀਸ਼ੀ ਚੰਦਰਾ, ਡੀ. ਸੀ. ਪੀ. ਰਾਜੀਵ ਰੰਜਨ ਲਈ ਵਾਈ ਸ਼੍ਰੇਣੀ ਦੀ ਸੁਰੱਖਿਆ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਸਪੈਸ਼ਲ ਸੈੱਲ ਦੇ ਅਧਿਕਾਰੀਆਂ ਨੂੰ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਦਿੱਲੀ ਪੁਲਸ ਨੇ ਉਨ੍ਹਾਂ ਦੀ ਸੁਰੱਖਿਆ ਨੂੰ ਵਧਾਉਣ ਦਾ ਕਦਮ ਚੁੱਕਿਆ ਹੈ। ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਗੈਂਗਸਟਰ ਹਰਵਿੰਦਰ ਰਿੰਡਾ ਦੇ ਸਹਿਯੋਗੀ ਲਖਬੀਰ ਲੰਡਾ ਨੇ ਸੋਸ਼ਲ ਮੀਡੀਆ ’ਤੇ ਇਹ ਧਮਕੀ ਦਿੱਤੀ ਹੈ ਕਿ ਜੇਕਰ ਅਸੀਂ ਤੁਹਾਨੂੰ ਗਲੀਆਂ ’ਚ ਵੇਖਾਂਗੇ ਤਾਂ ਚੰਗਾ ਨਹੀਂ ਹੋਵੇਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਪੈਸ਼ਲ ਸੈੱਲ ਦੇ ਅਧਿਕਾਰੀਆਂ ਨੂੰ ਇਹ ਧਮਕੀ ਵੀ ਮਿਲੀ ਹੈ ਕਿ ਉਹ ਪੰਜਾਬ ’ਚ ਨਾ ਜਾਣ। ਅਜਿਹੇ ’ਚ ਕੋਈ ਅਣਹੋਣੀ ਨਾ ਹੋਵੇ, ਇਸ ਲਈ ਦਿੱਲੀ ਪੁਲਸ ਨੇ ਅਧਿਕਾਰੀਆਂ ਨੂੰ ਸੁਰੱਖਿਆ ਦਿੱਤੀ ਹੈ।