ਯੋਗੀ ਦੀ ਬਦਮਾਸ਼ਾਂ ਨੂੰ ਚਿਤਾਵਨੀ, ਹੁਣ ਸਿੱਧੇ ਐਨਕਾਊਂਟਰ
ਅੰਮ੍ਰਿਤਸਰ (ਰਵਿੰਦਰ) – ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਾਨਪੁਰ ਨਗਰ ਵਾਸੀਆਂ ਨੂੰ 388 ਕਰੋੜ ਦੇ 272 ਵਿਕਾਸ ਪ੍ਰਾਜੈਕਟਾਂ ਦੀ ਸੌਗਾਤ ਦਿੱਤੀ। ਇਸ ਦੌਰਾਨ ਸੀ. ਐੱਮ. ਯੋਗੀ ਨੇ ਸ਼ਹਿਰ ਵਿਚ ਚੱਲ ਰਹੇ ਕਈ ਵਿਕਾਸ ਪ੍ਰਾਜੈਕਟਾਂ ਦੀ ਘੁੰਡ-ਚੁਕਾਈ ਕੀਤੀ। ਇਸ ਦੌਰਾਨ ਉਨ੍ਹਾਂ ਗਿਆਨ ਸੰਮੇਲਨ ਨੂੰ ਸੰਬੋਧਨ ਕੀਤਾ। ਸੀ. ਐੱਮ. ਨੇ ਵਿਰੋਧੀ ਧਿਰ ’ਤੇ ਨਿਸ਼ਾਨਾ ਲਾਇਆ। ਉਨ੍ਹਾਂ ਕਿਹਾ ਕਿ 2017 ਤੋਂ ਪਹਿਲਾਂ ਦੀਆਂ ਸਰਕਾਰਾਂ ਨੇ ਕਾਨਪੁਰ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਵਿਚ 2 ਡਿਫੈਂਸ ਕਾਰੀਡੋਰ ਬਣ ਰਹੇ ਹਨ, ਜਿਸ ਵਿਚੋਂ ਇਕ ਕਾਨਪੁਰ ਵਿਚ ਬਣ ਰਿਹਾ ਹੈ। ਇਸ ਦੌਰਾਨ ਯੋਗੀ ਨੇ ਬਦਮਾਸ਼ਾਂ ਨੂੰ ਚਿਤਾਵਨੀ ਦਿੱਤੀ ਕਿ ਭੈਣ-ਬੇਟੀਆਂ ਨੂੰ ਛੇੜਿਆ ਤਾਂ ਚੌਰਾਹੇ ਦੇ ਵਿਚਾਲੇ ਠੋਕ (ਐਨਕਾਊਂਟਰ) ਦੇਵਾਂਗੇ।
ਉਨ੍ਹਾਂ ਕਿਹਾ ਕਿ ਕਾਨਪੁਰ, ਅਲੀਗੜ੍ਹ, ਆਗਰਾ, ਲਖਨਊ, ਝਾਂਸੀ ਅਤੇ ਚਿਤਰਕੂਟ ਵਰਗੇ ਖੇਤਰਾਂ ਵਿਚ ਡਿਫੈਂਸ ਕਾਰੀਡੋਰ ਨਾਲ ਸੰਬੰਧਤ ਨੋਡ ਨੂੰ ਲੈਂਡ ਬੈਂਕ ਅਤੇ ਵਿਕਾਸ ਦੇ ਨਾਲ ਜੋੜਦੇ ਹੋਏ ਭਾਰਤ ਦੇ ਰੱਖਿਆ ਦੇ ਖੇਤਰ ਵਿਚ ਆਤਮਨਿਰਭਰ ਦੇ ਟੀਚੇ ਨੂੰ ਪ੍ਰਾਪਤ ਕਰਨ ਦਾ ਕੇਂਦਰ ਬਿੰਦੂ ਇਕ ਵਾਰ ਫਿਰ ਤੋਂ ਕਾਨਪੁਰ ਬਣੇਗਾ, ਇਸ ਦੇ ਲਈ ਸਰਕਾਰ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਉੱਤਰ ਪ੍ਰਦੇਸ਼ ਸਰਕਾਰ ਦੇ ਸਪਲੀਮੈਂਟਰੀ ਬਜਟ ਵਿਚ ਕਾਨਪੁਰ ਅਤੇ ਝਾਂਸੀ ਦਰਮਿਆਨ ਲੈਂਡ ਬੈਂਕ ਬਣਾਉਣ ਲਈ ਅਸੀਂ 8 ਹਜ਼ਾਰ ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ।