ਸੁਖਬੀਰ ਬਾਦਲ ‘ਤੇ ਤਿੱਖਾ ਨਿਸ਼ਾਨਾ ਲਾਉਂਦੇ ਹੋਏ, ਭਗਵੰਤ ਮਾਨ
ਅੰਮ੍ਰਿਤਸਰ (ਰਵਿੰਦਰ) – ਤਰਨਤਾਰਨ ‘ਚ ਪੁਲਸ ਥਾਣੇ ‘ਤੇ ਰਾਕੇਟ ਲਾਂਚਰ ਨਾਲ ਹੋਏ ਹਮਲੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਨਿੱਜੀ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਵਿਚ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਅਸੀਂ ਬਣਾ ਕੇ ਰੱਖਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅੱਤਵਾਦ ਦੀ ਵਾਪਸੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪੰਜਾਬ ਵਿਚ ਲਗਾਤਾਰ ਗੈਂਗਸਟਰਾਂ ਵੱਲੋਂ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਨੂੰ ਲੈ ਕੇ ਭਗਵੰਤ ਮਾਨ ਨੇ ਕਿਹਾ ਕਿ ਇਹ ਜੋ ਗੈਂਗਸਟਰ ਹਨ, ਇਹ ਕੋਈ 7-8 ਮਹੀਨਿਆਂ ਤੋਂ ਨਹੀਂ ਬਣੇ ਹਨ, ਸਗੋਂ ਪਹਿਲੀਆਂ ਪਾਰਟੀਆਂ ਨੇ ਹੀ ਪਾਲੇ ਹੋਏ ਹਨ।
ਸੁਖਬੀਰ ਸਿੰਘ ਬਾਦਲ ‘ਤੇ ਤਿੱਖਾ ਨਿਸ਼ਾਨਾ ਲਾਉਂਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਸੁਖਬੀਰ ਸਿੰਘ ਬਾਦਲ ਗ੍ਰਹਿ ਮੰਤਰੀ ਸਨ ਤਾਂ ਨਾਭਾ ਜੇਲ੍ਹ ਬਰੇਕ ਹੋਈ ਸੀ ਅਤੇ ਗੈਂਗਸਟਰ ਭੱਜੇ ਸਨ। ਪਾਰਟੀ ਦੇ ਨੌਜਵਾਨ ਨੇਤਾ ਹੀ ਗੈਂਗਸਟਰ ਸਨ। ਵੱਡਾ ਬਿਆਨ ਦਿੰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਗੈਂਗਸਟਰਾਂ ਨੂੰ ਕਪੈਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਬਾਦਲ ਆਪਣੀਆਂ ਪਾਰਟੀਆਂ ਵਿਚ ਪਨਾਹ ਦਿੰਦੇ ਰਹੇ ਹਨ। ਪਹਿਲਾ ਡਰਾ-ਧਮਕਾ ਕੇ ਪਾਰਟੀ ਵਿਚ ਲੈਂਦੇ ਸਨ ਅਤੇ ਫਿਰ ਕੰਮ ਕੱਢਵਾ ਕੇ ਜੇਲ੍ਹਾਂ ਵਿਚ ਭੇਜ ਦਿੰਦੇ ਸਨ।
ਉਨ੍ਹਾਂ ਕਿਹਾ ਕਿ ਡਰੋਨਾਂ ਨੂੰ ਲੈ ਕੇ ਤਾਂ ਹੁਣ ਰਿਵਾਜ ਹੀ ਹੋ ਗਿਆ ਹੈ। ਹੁਣ ਤਾਂ ਵਿਆਹਾਂ ਤੋਂ ਲੈ ਕੇ ਖੇਡ ਸਮਾਗਮਾਂ, ਸਿਆਸੀ ਸਮਾਗਮਾਂ ਤੱਕ ਵਿਚ ਡਰੋਨ ਦੀ ਵਰਤੋਂ ਹੋਣ ਲੱਗੀ ਹੈ। ਸਰਹੱਦੀ ਪਿੰਡਾਂ ਵਿਚ ਕਈ ਵਾਰ ਇਹ ਵੀ ਹੁੰਦਾ ਹੈ ਕਿ ਡਰੋਨ ਇਧਰੋਂ ਹੀ ਜਾਂਦਾ ਹੈ ਅਤੇ ਇਧਰੋਂ ਹੀ ਵਾਪਸ ਆ ਜਾਂਦਾ ਹੈ। ਡਰੋਨਾਂ ਨੂੰ ਲੈ ਕੇ ਰਜਿਸਟਰ ਕਰਨ ਦਾ ਸੁਝਾਅ ਕੇਂਦਰ ਸਰਕਾਰ ਨੂੰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਵੇਂ ਕਾਰਾਂ ਦੇ ਨੰਬਰ ਤੋਂ ਪਤਾ ਲੱਗ ਜਾਂਦਾ ਹੈ ਕਿ ਕਿਹੜੀ ਕਾਰ ਕਿੱਥੋਂ ਦੀ ਹੈ ਇਸੇ ਤਰ੍ਹਾਂ ਜੇਕਰ ਡਰੋਨ ਰਜਿਸਟਰ ਹੋਣਗੇ ਤਾਂ ਆਪਣੇ ਡਰੋਨਾਂ ਬਾਰੇ ਵੀ ਪਤਾ ਲੱਗ ਸਕੇਗਾ। ਅਸੀਂ ਇਸ ‘ਤੇ ਲੱਗੇ ਹੋਏ ਹਾਂ।