ਹਿਮਾਚਲ: ਮੰਡੀ ’ਚ ਜ਼ਮੀਨ ਖਿਸਕਣ ਕਾਰਨ ਬੰਦ
ਅੰਮ੍ਰਿਤਸਰ (ਰਵਿੰਦਰ) – ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ’ਚ ਜ਼ਮੀਨ ਖਿਸਕ ਗਈ, ਜਿਸ ਕਾਰਨ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ ਬੰਦ ਹੋ ਗਿਆ। ਜ਼ਮੀਨ ਖਿਸਕਣ ਦੀ ਘਟਨਾ ਸ਼ੁੱਕਰਵਾਰ ਦੇਰ ਰਾਤ ਵਾਪਰੀ। ਪਹਾੜੀ ਤੋਂ ਪੱਥਰ ਅਤੇ ਮਲਬਾ ਡਿੱਗਣ ਕਾਰਨ ਹਾਈਵੇਅ ਪੂਰੀ ਤਰ੍ਹਾਂ ਬੰਦ ਹੋ ਗਿਆ। ਫ਼ਿਲਹਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਨੈਸ਼ਨਲ ਹਾਈਵੇਅ ਨੂੰ ਬਹਾਲ ਕਰਨ ਲਈ ਮਸ਼ੀਨਰੀ ਤਾਇਨਾਤ ਕਰ ਦਿੱਤੀ ਹੈ। ਰਾਤ ਹੋਣ ਕਰ ਕੇ ਨੈਸ਼ਨਲ ਹਾਈਵੇਅ ਬਹਾਲ ਨਹੀਂ ਹੋ ਸਕਿਆ ਪਰ ਕੰਮ ਜਾਰੀ ਹੈ। ਸ਼ਨੀਵਾਰ ਯਾਨੀ ਕਿ ਅੱਜ ਹਾਈਵੇਅ ਖੁੱਲ੍ਹਣ ਦੇ ਆਸਾਰ ਹਨ।
ਪ੍ਰਸ਼ਾਸਨ ਨੇ ਆਉਣ-ਜਾਣ ਵਾਲਿਆਂ ਨੂੰ ਬੇਨਤੀ ਕੀਤੀ ਹੈ ਕਿ ਜਦੋਂ ਤੱਕ ਹਾਈਵੇਅ ਬਹਾਲ ਨਹੀਂ ਹੁੰਦਾ ਹੈ, ਉਦੋਂ ਤੱਕ ਬਦਲਵੇਂ ਮਾਰਗ ਤੋਂ ਜਾਣ ਦੀ ਹਿਦਾਇਤ ਦਿੱਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਮੰਡੀ ਤੋਂ ਕੁੱਲੂ ਜਾ ਰਹੇ ਵਾਹਨ ਚਾਲਕਾਂ ਨੂੰ ਵਾਇਆ ਸ਼ਿਵਾਬਧਾਰ, ਕਟੌਲਾ, ਬਾਜੌਰਾ ਮਾਰਗ ਇਸਤੇਮਾਲ ਕਰਨ ਅਤੇ ਕੁੱਲੂ ਤੋਂ ਮੰਡੀ ਵੱਲ ਜਾਂ ਫਿਰ ਚੰਡੀਗੜ੍ਹ ਵੱਲ ਜਾ ਰਹੇ ਵਾਹਨਾਂ ਨੂੰ ਪੰਡੋਹ ਤੋਂ ਵਾਇਆ ਗੌਹਰ ਚੇਲ ਚੌਕ ਤੋਂ ਜਾਣ ਦੀ ਹਿਦਾਇਤ ਦਿੱਤੀ ਹੈ।