ਵਿੱਕੀ ਮਿੱਡੂਖੇੜਾ ਦੇ ਭਰਾ ਨੇ ਪੁਲਸ ਨੂੰ ਸੌਂਪੇ ਮੋਬਾਇਲ ਤੇ ਹੋਰ ਦਸਤਾਵੇਜ਼
ਅੰਮ੍ਰਿਤਸਰ (ਰਵਿੰਦਰ) : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਸਬੰਧੀ ਮਾਨਸਾ ਪੁਲਸ ਵੱਲੋਂ ਕੀਤੀ ਜਾ ਰਹੀ ਜਾਂਚ ਤਹਿਤ ਮਰਹੂਮ ਵਿੱਕੀ ਮਿੱਡੂਖੇੜਾ ਦੇ ਭਰਾ ਅਜੈ ਪਾਲ ਸਿੰਘ ਮਿੱਡੂਖੇੜਾ ਤੋਂ ਉਸ ਦਾ ਮੋਬਾਇਲ ਫੋਨ ਅਤੇ ਹੋਰ ਦਸਤਾਵੇਜ਼ ਹਾਸਲ ਕੀਤੇ ਗਏ ਹਨ। ਅਜੈ ਪਾਲ ਬੀਤੇ ਦਿਨ ਇੱਥੇ ਉਕਤ ਸਾਮਾਨ ਪੁਲਸ ਹਵਾਲੇ ਕਰਕੇ ਵਾਪਸ ਚਲਾ ਗਿਆ ਹੈ। ਦੱਸ ਦੇਈਏ ਕਿ ਇੱਕ ਹਫ਼ਤੇ ਦੌਰਾਨ ਉਸ ਨੂੰ ਦੂਜੀ ਵਾਰ ਪੁਲਸ ਵੱਲੋਂ ਮਾਨਸਾ ਬੁਲਾਇਆ ਗਿਆ ਹੈ। ਪਹਿਲੇ ਗੇੜੇ ਦੌਰਾਨ ਪੁਲਸ ਵੱਲੋਂ ਅਜੈ ਪਾਲ ਸਿੰਘ ਮਿੱਡੂਖੇੜਾ ਤੋਂ ਲੰਬੀ ਪੁੱਛਗਿੱਛ ਕੀਤੀ ਗਈ ਸੀ। ਇਸ ਤੋਂ ਪਹਿਲਾਂ ਮਾਨਸਾ ਪੁਲਸ ਨੇ ਬੀਤੇ ਦਿਨੀਂ ਸੀ. ਆਈ. ਏ. ਥਾਣਾ ਮਾਨਸਾ ਵਿੱਚ ਪੰਜਾਬੀ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਤੋਂ ਵੀ ਪੁੱਛਗਿੱਛ ਕੀਤੀ ਸੀ।
ਜਾਣਕਾਰੀ ਮੁਤਾਬਕ ਮਾਨਸਾ ਪੁਲਸ ਨੇ ਇਸ ਕੇਸ ਵਿੱਚ ਬਾਵਾ ਸੰਧੂ ਤੇ ਉਸ ਦੇ ਦੋ ਨੇੜਲੇ ਸਾਥੀਆਂ ਨੂੰ ਵੀ ਤਲਬ ਕੀਤਾ ਹੋਇਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬਾਵਾ ਸੰਧੂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨੇੜਲਾ ਸਾਥੀ ਦੱਸਿਆ ਜਾਂਦਾ ਹੈ। ਇਨ੍ਹਾਂ ਤੋਂ ਅਗਲੇ ਦਿਨਾਂ ਦੌਰਾਨ ਪੁੱਛ-ਪੜਤਾਲ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਗਾਇਕਾਂ ਤੋਂ ਬਿਨਾ ਪੁਲਸ ਨੇ ਸੰਗੀਤ ਨਿਰਦੇਸ਼ਕ ਨਿਸ਼ਾਨ ਸਿੰਘ ਨੂੰ ਵੀ ਤਫਤੀਸ਼ ‘ਚ ਸ਼ਾਮਲ ਕੀਤਾ ਹੈ, ਜੋ ਇੱਕ ਸੀਨੀਅਰ ਪੁਲਸ ਅਧਿਕਾਰੀ ਦਾ ਪੁੱਤਰ ਹੈ। ਪੁਲਸ ਦੇ ਇੱਕ ਅਧਿਕਾਰੀ ਮੁਤਾਬਕ ਇਸ ਕੇਸ ਸਬੰਧੀ ਕਈ ਲੋਕਾਂ ਤੋਂ ਲੋੜੀਂਦੀ ਪੁੱਛਗਿੱਛ ਕੀਤੀ ਜਾ ਰਹੀ ਹੈ।