ਸੰਗਰੂਰ ਦੇ DC ਨੇ 10ਵੀਂ ਤੇ 7ਵੀਂ ਦੀ ਵਿਦਿਆਰਥਣਾਂ ਦੀ ਇੱਛਾ ਕੀਤੀ ਪੂਰੀ
ਅੰਮ੍ਰਿਤਸਰ (ਰਵਿੰਦਰ) : ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਪਣੇ ਹੈੱਡ ਮਾਸਟਰ ਤੇ ਅਧਿਆਪਕਾਵਾਂ ਸਮੇਤ ਡਿਪਟੀ ਕਮਿਸ਼ਨਰ ਨਾਲ ਮਿਲਣ ਦੀ ਇੱਛਾ ਲੈ ਕੇ ਆਈਆਂ ਸਰਕਾਰੀ ਹਾਈ ਸਕੂਲ ਮੰਗਵਾਲ ਦੀਆਂ ਦੋ ਹੋਣਹਾਰ ਵਿਦਿਆਰਥਣਾਂ ਨੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨਾਲ ਮੁਲਾਕਾਤ ਕੀਤੀ। ਡੀ. ਸੀ. ਜਤਿੰਦਰ ਜੋਰਵਾਲ ਨੇ ਦੋਵੇਂ ਵਿਦਿਆਰਥਣਾਂ ਨੂੰ ਕੁਝ ਪਲਾਂ ਲਈ ਡੀ. ਸੀ. ਸੰਗਰੂਰ ਦੀ ਕੁਰਸੀ ‘ਤੇ ਬਿਠਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ। ਗੈਰ ਰਸਮੀ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੂੰ ਜਦੋਂ ਇਨ੍ਹਾਂ ਬੱਚੀਆਂ ਨੇ ਭਵਿੱਖ ਵਿੱਚ ਡੀ. ਸੀ. ਬਣਨ ਦੀ ਤਾਂਘ ਪ੍ਰਗਟਾਈ ਤਾਂ ਡੀ. ਸੀ. ਨੇ ਕਿਹਾ ਕਿ ਤੁਹਾਡੀ ਇਸ ਇੱਛਾ ਨੂੰ ਹੁਣੇ ਹੀ ਪੂਰਾ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਨੇ ਖ਼ੁਦ ਸੀਟ ਤੋਂ ਉਠ ਕੇ ਪਹਿਲਾਂ 7ਵੀਂ ਕਲਾਸ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਅਤੇ ਫਿਰ ਉਸਦੀ ਕਰੀਬ 16 ਕੁ ਵਰ੍ਹਿਆ ਦੀ ਵੱਡੀ ਭੈਣ ਮਨਵੀਰ ਕੌਰ ਨੂੰ ਕੁਝ ਪਲਾਂ ਲਈ ਡਿਪਟੀ ਕਮਿਸ਼ਨਰ ਦੀ ਸੀਟ ‘ਤੇ ਬਿਠਾਇਆ।
ਇਸ ਖ਼ਾਸ ਮੁਲਾਕਾਤ ਦੌਰਾਨ ਡਿਪਟੀ ਕਮਿਸ਼ਨਰ ਨੇ ਆਪਣੇ ਆਈ. ਏ. ਐਸ. ਬਣਨ ਦੇ ਸਫ਼ਰ ਦੇ ਕੁਝ ਪਹਿਲੂਆਂ ਬਾਰੇ ਵੀ ਵਿਦਿਆਰਥਣਾਂ ਨਾਲ ਸਾਂਝ ਪਾਈ ਤਾਂ ਜੋ ਉਹ ਹਿੰਮਤ ਅਤੇ ਮਜ਼ਬੂਤ ਇਰਾਦੇ ਨਾਲ ਹਰੇਕ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਵੈ ਭਰਸਾ ਪੈਦਾ ਕਰ ਸਕਣ। ਜੋਰਵਾਲ ਨੇ ਬੱਚੀਆਂ ਨੂੰ ਕਿਹਾ ਕਿ ਹਰੇਕ ਤਰ੍ਹਾਂ ਦੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦਾ ਟੈਸਟ ਜ਼ਰੂਰ ਦਿੱਤਾ ਜਾਵੇ ਤਾਂ ਜੋ ਛੋਟੇ-ਛੋਟੇ ਕਦਮ ਹੌਲੀ-ਹੌਲੀ ਪੈੜਾਂ ਦੇ ਰੂਪ ਵਿੱਚ ਸਥਾਪਤ ਹੋ ਜਾਣ। ਇਸ ਮੌਕੇ ਸਕੂਲ ਦੇ ਹੈੱਡ ਮਾਸਟਰ ਜਗਤਾਰ ਸਿੰਘ ਸੰਧੂ, ਅਧਿਆਪਕਾ ਰਾਜਵੀਰ ਕੌਰ ਤੇ ਸ਼ਪਿੰਦਰ ਕੌਰ ਵੀ ਮੌਜੂਦ ਸਨ।