1998 ’ਚ ਭਾਜਪਾ ਵਿਧਾਇਕ ਹੋਇਆ ਸੀ ਅਗਵਾ
ਅੰਮ੍ਰਿਤਸਰ (ਰਵਿੰਦਰ) – 1998 ਵਿਚ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਹੋਈਆਂ ਸਨ ਤਾਂ ਨਰਿੰਦਰ ਮੋਦੀ ਹਿਮਾਚਲ ਦੇ ਚੋਣ ਇੰਚਾਰਜ ਸਨ। ਉਸ ਦੌਰਾਨ ਭਾਜਪਾ ਅਤੇ ਕਾਂਗਰਸ ਦੋਹਾਂ ਪਾਰਟੀਆਂ ਨੂੰ ਬਹੁਮਤ ਨਹੀਂ ਮਿਲਿਆ ਸੀ। ਇਸ ਚੋਣ ਵਿਚ ਰਮੇਸ਼ ਧਵਾਲਾ ਟਿਕਟ ਨਾ ਮਿਲਣ ਕਾਰਨ ਭਾਜਪਾ ਤੋਂ ਬਗਾਵਤ ਕਰ ਬੈਠੇ ਸਨ। 3 ਸੀਟਾਂ ’ਤੇ ਭਾਰੀ ਬਰਫ਼ਬਾਰੀ ਕਾਰਨ ਚੋਣਾਂ ਨਹੀਂ ਹੋਈਆਂ ਸਨ। ਕਾਂਗਰਸ 31 ਸੀਟਾਂ ’ਤੇ ਜਿੱਤੀ ਸੀ ਅਤੇ ਭਾਜਪਾ ਨੇ 29 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਭਾਜਪਾ ਦੇ ਇਕ ਵਿਧਾਇਕ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਸੀ। ਸਰਕਾਰ ਬਣਾਉਣ ਲਈ 35 ਵਿਧਾਇਕਾਂ ਦੀ ਲੋੜ ਸੀ। ਇਸ ਦੌਰਾਨ ਭਾਜਪਾ ਤੋਂ ਬਾਗ਼ੀ ਹੋ ਕੇ ਬਣੇ ਵਿਧਾਇਕ ਰਮੇਸ਼ ਧਵਾਲਾ ਅਗਵਾ ਹੋ ਗਏ ਸਨ ਅਤੇ ਸਾਬਕਾ ਇੰਚਾਰਜ ਪੀ. ਐੱਮ. ਨਰਿੰਦਰ ਮੋਦੀ ਦੀ ਸਮਝਦਾਰੀ ਨਾਲ ਭਾਜਪਾ ਸਰਕਾਰ ਬਣੀ ਸੀ।
ਦੂਜੇ ਪਾਸੇ ਚੋਣਾਂ ਤੋਂ ਪਹਿਲਾਂ ਮਰਹੂਮ ਸਾਬਕਾ ਸੀ. ਐੱਮ. ਵੀਰਭੱਦਰ ਸਿੰਘ ਨੂੰ ਭਰੋਸਾ ਸੀ ਕਿ ਉਹ ਸੱਤਾ ’ਚ ਮੁੜ ਵਾਪਸ ਆਉਣਗੇ ਪਰ ਨਤੀਜੇ ਅਨੁਕੂਲ ਨਹੀਂ ਆਏ ਸਨ। ਜਦੋਂ ਰਮੇਸ਼ ਧਵਾਲਾ ਸ਼ਿਮਲਾ ਵੱਲ ਆ ਰਹੇ ਸਨ ਤਾਂ ਉਨ੍ਹਾਂ ਨੂੰ ਇਕ ਤਰ੍ਹਾਂ ਨਾਲ ਅਗਵਾ ਕਰ ਲਿਆ ਗਿਆ। ਅਚਾਨਕ ਪ੍ਰੈੱਸ ਕਾਨਫਰੰਸ ’ਚ ਧਵਾਲਾ ਨੇ ਦੱਸਿਆ ਕਿ ਉਹ ਵੀਰਭੱਦਰ ਸਿੰਘ ਨੂੰ ਆਪਣਾ ਸਮਰਥਨ ਦੇ ਰਹੇ ਹਨ। ਵੀਰਭੱਦਰ ਸਿੰਘ ਸਾਬਕਾ ਰਾਜਪਾਲ ਰਮਾ ਦੇਵੀ ਕੋਲ ਜਾ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਰਾਤ 2 ਵਜੇ ਵਿਧਾਇਕਾਂ ਦੀ ਪਰੇਡ ਹੋਈ ਅਤੇ ਵੀਰਭੱਦਰ ਸਿੰਘ ਦੀ ਸਰਕਾਰ ਬਣ ਗਈ।