ਮੁੜ ਭਖਿਆ ਸ੍ਰੀ ਪਟਨਾ ਸਾਹਿਬ ਦਾ ਵਿਵਾਦ
ਅੰਮ੍ਰਿਤਸਰ (ਰਵਿੰਦਰ) – ਤਖ਼ਤ ਸ੍ਰੀ ਪਟਨਾ ਸਾਹਿਬ ਦਾ ਵਿਵਾਦ ਹੁਣ ਹੋਰ ਵੀ ਗਰਮਾ ਗਿਆ ਹੈ। ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਹੁਕਮਨਾਮਾ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਅਸੀਂ ਤੁਹਾਡੇ ਫੈਸਲਿਆਂ ਨੂੰ ਰੱਦ ਕਰਦੇ ਹਾਂ। ਪੰਜ ਪਿਆਰਿਆਂ ਵੱਲੋਂ ਭੇਜੇ ਗਏ ਹੁਕਮਨਾਮੇ ’ਚ ਕਿਹਾ ਗਿਆ ਹੈ ਤੁਹਾਡੇ ਵੱਲੋਂ ਲਏ ਗਏ ਫੈਸਲੇ ਨਿਰਪੱਖ ਨਹੀਂ ਹਨ। ਤੁਹਾਡੇ ਫੈਸਲਿਆਂ ਕਰਕੇ ਮਾਹੌਲ ਤਨਾਅਪੂਰਨ ਹੋ ਰਿਹਾ ਹੈ ਅਤੇ ਸਾਡੀ ਮਰਜ਼ੀ ਦੇ ਬਿਨਾਂ ਇੱਥੇ ਕੋਈ ਦਖ਼ਤ ਨਹੀਂ ਦੇ ਸਕਦਾ। ਕਿਸੇ ਵੀ ਤਖ਼ਤ ਸਾਹਿਬ ਵੱਲੋਂ ਲਿਆ ਗਿਆ ਫੈਸਲਾ ਪਟਨਾ ਸਾਹਿਬ ’ਤੇ ਲਾਗੂ ਨਹੀਂ ਹੋ ਸਕਦਾ। ਪੰਜ ਪਿਆਰਿਆਂ ਨੇ ਕਿਹਾ ਕਿ ਪ੍ਰਬੰਧਕੀ ਬੋਰਡ ਨੂੰ ਗੈਰ-ਸੰਵਿਧਾਨਿਕ ਤਰੀਕੇ ਨਾਲ ਤਲਬ ਕੀਤਾ ਗਿਆ ਸੀ। ਪੰਜ ਪਿਆਰਿਆਂ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਕੋਲੋਂ ਸਵਾਲ ਪੁੱਛੇ ਹਨ ਕਿ ਪ੍ਰਬੰਧਕੀ ਬੋਰਡ ਨੂੰ ਤੁਸੀਂ ਕਿਸ ਆਧਾਰ ’ਤੇ ਤਲਬ ਕੀਤਾ ਸੀ। ਇਸ ਦੇ ਨਾਲ ਹੀ ਪੰਜ ਪਿਆਰੇ ਸਿੰਘ ਸਾਹਿਬਾਨ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ 2 ਦਿਨਾਂ ਦੇ ਅੰਦਰ-ਅੰਦਰ ਲਿਖਤੀ ਰੂਪ ਵਿੱਚ ਜਾਂ ਕਿਸੇ ਨਿਜੀ ਸਹਾਇਕ ਰਾਹੀਂ ਆਪਣਾ ਜਵਾਬ ਦੇਣ ਲਈ ਕਿਹਾ ਹੈ। ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ ਤੁਸੀਂ ਅੱਗੇ ਤੋਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਕਿਸੇ ਪ੍ਰਕਾਰ ਦੇ ਫੈਸਲੇ ਵਿਚ ਕੋਈ ਵੀ ਆਦੇਸ਼ ਜਾਰੀ ਨਹੀਂ ਕਰੋਗੇ, ਜਿਕਰ ਕਰਦੇ ਹੋ ਤਾਂ ਉਹ ਮਨਣਯੋਗ ਨਹੀਂ ਹੋਵੇਗਾ।
ਜ਼ਿਕਰਯੋਗ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਤਖ਼ਤ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ, ਕਮੇਟੀ ਦੇ ਮੈਂਬਰ ਮਹਿੰਦਰ ਸਿੰਘ ਢਿੱਲੋਂ, ਰਾਜਾ ਸਿੰਘ ਤੇ ਇੰਦਰਜੀਤ ਸਿੰਘ ਨੂੰ ਤਨਖ਼ਾਹੀਆ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਲਏ ਗਏ ਫ਼ੈਸਲੇ ਸੁਣਾਉਂਦਿਆਂ ਜਥੇਦਾਰ ਹਰਪ੍ਰੀਤ ਸਿੰਘ ਨੇ ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਗੌਹਰ ਦੀਆਂ ਸੇਵਾਵਾਂ ਫ਼ੌਰੀ ਤੌਰ ’ਤੇ ਖ਼ਤਮ ਕਰਨ ਦੇ ਹੁਕਮ ਦਿੱਤੇ। ਅਸਲ ਵਿੱਚ ਬੀਤੇ ਕੁਝ ਵਕਤ ਤੋਂ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ।