ਗੁਜਰਾਤ ਚੋਣ ਨਤੀਜੇ: ਵੋਟਾਂ ਦੀ ਗਿਣਤੀ ਸ਼ੁਰੂ
ਆਮ੍ਰਿਤਸਰ (ਰਵਿੰਦਰ) – ਗੁਜਰਾਤ ਵਿਧਾਨ ਸਭਾ ਚੋਣਾਂ ਦੀ ਵੋਟਾਂ ਦੀ ਗਿਣਤੀ ਸਖ਼ਤ ਸੁਰੱਖਿਆ ਦਰਮਿਆਨ ਸਵੇਰੇ 8 ਵਜੇ ਤੋਂ ਜਾਰੀ ਹੈ। ਸੂਬੇ ’ਚ ਕੁੱਲ 37 ਵੋਟਿੰਗ ਕੇਂਦਰ ਬਣਾਏ ਗਏ ਹਨ। ਗੁਜਰਾਤ ’ਚ ਸ਼ੁਰੂਆਤੀ ਰੁਝਾਨਾਂ ਵਿਚ ਭਾਜਪਾ ਨੂੰ ਲੀਡ ਮਿਲਦੀ ਨਜ਼ਰ ਆ ਰਹੀ ਹੈ। ਚੋਣਾਂ ’ਚ ਆਏ ਸ਼ੁਰੂਆਤੀ ਰੁਝਾਨਾਂ ’ਚ ਭਾਜਪਾ 120 ਸੀਟਾਂ ’ਤੇ ਅੱਗੇ ਚੱਲ ਰਹੀ ਹੈ। ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ’ਚ ਤਿੱਖਾ ਮੁਕਾਬਲਾ ਹੈ।
ਦੱਸ ਦੇਈਏ ਕਿ ਪਹਿਲਾਂ ਪੋਸਟਲ ਬੈਲਟ ਦੀ ਗਿਣਤੀ ਹੋ ਰਹੀ ਹੈ। ਈ. ਵੀ. ਐੱਮ. ’ਚ ਦਰਜ ਵੋਟਾਂ ਦੀ ਗਿਣਤੀ ਬਾਅਦ ’ਚ ਹੋਵੇਗੀ। ਵੋਟਿੰਗ ਪ੍ਰਕਿਰਿਆ ਦੇ ਸੁਚਾਰੂ ਸੰਚਾਲਨ ਲਈ ਚੋਣ ਕਮਿਸ਼ਨ ਨੇ ਸੁਰੱਖਿਆ ਦੇ ਵਿਆਪਕ ਇੰਤਜ਼ਾਮ ਕੀਤੇ ਹਨ। ਚੋਣਾਂ ’ਚ ਕੁੱਲ 1,621 ਉਮੀਦਵਾਰਾਂ ਦੀ ਕਿਸਮਤ ਦਾਅ ’ਤੇ ਲੱਗੀ ਹੈ। ਗੁਜਰਾਤ ਦੀਆਂ 182 ਮੈਂਬਰੀ ਵਿਧਾਨ ਸਭਾ ਸੀਟਾਂ ’ਤੇ ਇਸ ਵਾਰ 66.31 ਫ਼ੀਸਦੀ ਵੋਟਾਂ ਪਈਆਂ ਸਨ। ਮੁੱਖ ਮੰਤਰੀ ਭੁਪਿੰਦਰ ਪਟੇਲ, ‘ਆਪ’ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਇਸ਼ੂਦਾਨ ਗੜਵੀ, ਯੁਵਾ ਨੇਤਾ ਹਾਰਦਿਕ ਪਟੇਲ ਸਮੇਤ ਕੁੱਲ 1621 ਉਮੀਦਵਾਰਾਂ ਦੀ ਕਿਮਸਤ ਦਾ ਫ਼ੈਸਲਾ ਅੱਜ ਹੋਵੇਗਾ।