November 25, 2024

ਲਾਹੌਰ ਦੇ ਗੁਰਦੁਆਰਾ ’ਤੇ ਕੱਟੜਪੰਥੀਆਂ ਨੇ ਕੀਤਾ ਕਬਜ਼ਾ

ਅੰਮ੍ਰਿਤਸਰ (ਰਵਿੰਦਰ) : ਪਾਕਿਸਤਾਨ ਦੇ ਸ਼ਹਿਰ ਲਾਹੌਰ ’ਚ ਸਥਿਤ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ’ਤੇ ਕੱਟੜਪੰਥੀਆਂ ਨੇ ਕਬਜ਼ਾ ਕਰਕੇ ਉਸ ’ਤੇ ਤਾਲਾ ਲਗਾ ਦਿੱਤਾ ਅਤੇ ਦਾਅਵਾ ਠੋਕ ਦਿੱਤਾ ਹੈ ਕਿ ਇਹ ਗੁਰਦੁਆਰਾ ਨਹੀਂ, ਬਲਕਿ ਮਸਜਿਦ ਹੈ। ਇਸ ਸਬੰਧੀ ਪਾਕਿਸਤਾਨ ਵਕਫ਼ ਬੋਰਡ ਵੀ ਕੱਟੜਪੰਥੀਆਂ ਦਾ ਸਾਥ ਦੇ ਰਿਹਾ ਹੈ। ਗੁਰਦੁਆਰੇ ’ਚ ਸਿੱਖ ਫਿਰਕੇ ਦੇ ਲੋਕਾਂ ਨੂੰ ਮੱਥਾ ਟੇਕਣ ’ਤੇ ਵੀ ਰੋਕ ਲਗਾ ਦਿੱਤੀ ਹੈ। ਕੱਟੜਪੰਥੀਆਂ ਦੀ ਇਸ ਕਾਰਵਾਈ ਨਾਲ ਪਾਕਿਸਤਾਨ ਸਮੇਤ ਵਿਸ਼ਵ ਭਰ ’ਚ ਰਹਿਣ ਵਾਲੇ ਸਿੱਖਾਂ ’ਚ ਰੋਸ ਪਾਇਆ ਜਾ ਰਿਹਾ ਹੈ।

ਸਰਹੱਦ ਪਾਰ ਸੂਤਰਾਂ ਦੇ ਅਨੁਸਾਰ ਲਾਹੌਰ ਸਥਿਤ ਇਸ ਗੁਰਦੁਆਰੇ ਨੂੰ ਲੈ ਕੇ ਕੁਝ ਸਾਲਾਂ ਤੋਂ ਵਿਵਾਦ ਵੀ ਚੱਲ ਰਿਹਾ ਸੀ, ਜਦਕਿ ਪ੍ਰਤੀ ਦਿਨ ਵੱਡੀ ਗਿਣਤੀ ’ਚ ਸਿੱਖ ਸ਼ਰਧਾਲੂ ਇਸ ਗੁਰਦੁਆਰੇ ’ਚ ਆਉਂਦੇ ਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਮਣੇ ਮੱਥਾ ਟੇਕਦੇ ਸਨ। ਸ਼ਹੀਦਗੰਜ ਨੌਲੱਖਾ ਇਲਾਕੇ ’ਚ ਸਥਿਤ ਇਹ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਸਿੱਖਾਂ ਲਈ ਬਹੁਤ ਹੀ ਮਹੱਤਵ ਰੱਖਦਾ ਹੈ। ਸੂਤਰਾਂ ਅਨੁਸਾਰ ਇਹ ਪਹਿਲੀ ਵਾਰ ਨਹੀਂ ਹੈ ਕਿ ਪਾਕਿਸਤਾਨ ’ਚ ਕਿਸੇ ਗੁਰਦੁਆਰਾ ’ਤੇ ਤਾਲਾ ਲਗਾ ਕੇ ਮਸਜਿਦ ਹੋਣ ਦਾ ਦਾਅਵਾ ਕੀਤਾ ਗਿਆ ਹੋਵੇ। ਇਸ ਤਰ੍ਹਾਂ ਦੀ ਘਟਨਾ ਲੱਗਭਗ ਇਕ ਸਾਲ ਪਹਿਲਾਂ ਵੀ ਸਾਹਮਣੇ ਆਈ ਸੀ, ਜਦ ਇਕ ਗੁਰਦੁਆਰੇ ਨੂੰ ਮਸਜਿਦ ਐਲਾਨ ਕੀਤਾ ਗਿਆ ਸੀ, ਜਿਸ ਨਾਲ ਭਾਰਤੀ ਅਧਿਕਾਰੀਆਂ ਨੂੰ ਮਾਮਲੇ ’ਚ ਦਖ਼ਲ ਦੇਣ ਅਤੇ ਵਿਰੋਧ ਦਰਜ ਕਰਵਾਉਣ ਲਈ ਮਜਬੂਰ ਕੀਤਾ ਸੀ।

ਇਸ ਸਬੰਧੀ ਲੰਮੇ ਸਮੇਂ ਤੋਂ ਵਿਵਾਦ ਦੇ ਬਾਵਜੂਦ ਇਸ ਧਾਰਮਿਕ ਸਥਾਨ ’ਤੇ ਸਿੱਖਾਂ ਦਾ ਕੰਟਰੋਲ ਸੀ ਅਤੇ ਇਸ ਸਥਾਨ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰਹਿੰਦਾ ਸੀ ਪਰ ਬੀਤੇ ਦਿਨੀਂ ਕੱਟੜਪੰਥੀਆਂ ਨੇ ਜ਼ਬਰਦਸਤੀ ਇਸ ਗੁਰਦੁਆਰੇ ’ਤੇ ਕਬਜ਼ਾ ਕਰਕੇ ਤਾਲਾ ਲਗਾ ਕੇ ਸਿੱਖਾਂ ਨੂੰ ਪੂਜਾ ਅਰਚਨਾ ਕਰਨ ਤੋਂ ਰੋਕ ਦਿੱਤਾ।ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਿੱਖ ਫਿਰਕੇ ਦੇ ਲੋਕਾਂ ਨੇ ਇਸ ਧੱਕੇਸ਼ਾਹੀ ਦਾ ਡਟ ਕੇ ਵਿਰੋਧ ਕਰਦੇ ਹੋਏ ਇਸ ਸ਼ਹੀਦ ਭਾਈ ਤਾਰੂ ਸਿੰਘ ਗੁਰਦੁਆਰੇ ਨੂੰ ਉਨਾਂ ਨੂੰ ਸੌਂਪਣ ਦੀ ਮੰਗ ਕੀਤੀ ਹੈ।

 

Leave a Reply

Your email address will not be published. Required fields are marked *