November 25, 2024

ਜਾਨੀ ਮਨੀ ਨੁਕਸਾਨ ਦੀ ਜਿੰਮੇਵਾਰ ਬਿਹਾਰ ਸਰਕਾਰ ਹੋਵੇਗੀ, ਜਥੇਦਾਰ ਹਰਪ੍ਰੀਤ ਸਿੰਘ

ਅੰਮ੍ਰਿਤਸਰ (ਰਵਿੰਦਰ) : ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਸਬੰਧੀ ਜਾਰੀ ਕੀਤੀ ਗਈ ਇਕ ਵੀਡੀਓ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਪਟਨਾ ਸਾਹਿਬ ਦੇ ਮੈਂਬਰਾਂ ਵੱਲੋਂ ਲਿਖਤੀ ਪੱਤਰ ਦੇਣ ’ਤੇ ਦਖਲਅੰਦਾਜ਼ੀ ਕਰਕੇ ਫ਼ੈਸਲਾ ਕੀਤਾ ਗਿਆ ਹੈ। ਸਿੰਘ ਸਾਹਿਬ ਨੇ ਕਿਹਾ ਕਿ ਜਾਣਕਾਰੀ ਮਿਲੀ ਹੈ ਕਿ ਕੁਝ ਹੁੱਲੜਬਾਜ਼ਾਂ ਵੱਲੋਂ ਹੁੱਲੜਬਾਜ਼ੀ ਕੀਤੀ ਜਾ ਰਹੀ ਹੈ ਅਤੇ ਇਕ ਤਨਖਾਹੀਆ ਕਰਾਰ ਦਿੱਤੇ ਗਏ ਵਿਅਕਤੀ ਨੂੰ ਤਖਤ ਸਾਹਿਬ ’ਤੇ ਜ਼ਬਰਦਸਤੀ ਅੰਦਰ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਬਹੁਤ ਹੀ ਮੰਦਭਾਗਾ ਹੈ।

ਸਿੰਘ ਸਾਹਿਬ ਨੇ ਕਿਹਾ ਕਿ ਪਟਨਾ ਸਾਹਿਬ ਕਮੇਟੀ ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਨੂੰ ਲਿਖਤੀ ਰੂਪ ’ਚ ਵੀ ਦਿੱਤਾ ਗਿਆ ਹੈ ਕਿ ਇਥੋਂ ਦੇ ਕੁਝ ਸ਼ਰਾਰਤੀ ਅਨਸਰ ਹੁੱਲੜਬਾਜ਼ੀ ਕਰਨ ਤੋਂ ਬਾਜ਼ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਇੰਨਾ ਕੁਝ ਹੋ ਜਾਣ ਦੇ ਬਾਵਜੂਦ ਬਿਹਾਰ ਸਰਕਾਰ ਤੇ ਪ੍ਰਸ਼ਾਲਨ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕ ਰਹੀ। ਸਿੰਘ ਸਾਹਿਬ ਨੇ ਕਿਹਾ ਕਿ ਅਸੀਂ ਬਿਹਾਰ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਨੱਥ ਪਾ ਕੇ ਹੁੱਲੜਬਾਜ਼ੀ ਬੰਦ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇਕ ਤਨਖਾਹੀਆ ਕਰਾਰ ਵਿਅਕਤੀ ਰੋਕ ਲੱਗੀ ਹੋਣ ਦੇ ਬਾਵਜੂਦ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਅੰਦਰ ਦਾਖਲ ਹੋ ਕੇ ਧਾਰਮਿਕ ਮਰਿਆਦਾ ਨੂੰ ਨਿਭਾਉਂਦਾ ਹੈ ਤਾਂ ਪੰਜਾਬ ਤੋਂ ਇਲਾਵਾ ਹੋਰ ਵੀ ਸੂਬਿਆਂ ਤੋਂ ਸਿੱਖ ਉਥੇ ਪਹੁੰਚਣ ਲਈ ਮਜਬੂਰ ਹੋ ਜਾਣਗੇ ਤੇ ਜੇਕਰ ਹਾਲਾਤ ਖਰਾਬ ਹੁੰਦੇ ਹਨ ਜਾਂ ਕਿਸੇ ਦਾ ਵੀ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਬਿਹਾਰ ਸਰਕਾਰ ਤੇ ਪਟਨਾ ਸਾਹਿਬ ਦਾ ਪ੍ਰਸ਼ਾਸਨ ਆਪ ਹੋਵੇਗਾ।

 

Leave a Reply

Your email address will not be published. Required fields are marked *