ਜੁੱਤੀਆਂ ਸਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲ ਪੁੱਜਾ ਸ਼ਖ਼ਸ
ਅੰਮ੍ਰਿਤਸਰ (ਰਵਿੰਦਰ) – ਬਲਾਕ ਮਾਹਿਲਪੁਰ ਦੇ ਪਿੰਡ ਬਿਲਾਸਪੁਰ ਦੇ ਬਾਹਰਵਾਰ ਕੰਮੋਵਾਲ ਰੋਡ ’ਤੇ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਚੜ੍ਹਤ ਸਿੰਘ ਵਿਚ ਚੋਰੀ ਕਰਨ ਲਈ ਇਕ ਚੋਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਸਮੇਤ ਜੁੱਤੀਆਂ ਲੈ ਕੇ ਪਹੁੰਚਣ ਅਤੇ ਗੋਲਕ ਵਿਚੋਂ ਪੈਸੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕੁਲਵਿੰਦਰ ਕੌਰ ਪੁੱਤਰੀ ਸੁਰਜੀਤ ਸਿੰਘ ਵਾਸੀ ਬਿਲਾਸਪੁਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਪਿੰਡ ਦੇ ਗੁਰਦੁਆਰਾ ਸ਼ਹੀਦ ਬਾਬਾ ਚੜ੍ਹਤ ਸਿੰਘ ਵਿਖੇ ਸੇਵਾ ਕਰਨ ਦਾ ਕੰਮ ਕਰਦੀ ਹੈ | ਉਸ ਨੇ ਦੱਸਿਆ ਕਿ ਚੋਰੀ ਤੋਂ ਬਾਅਦ ਇਕੱਠੇ ਹੋਏ ਲੋਕਾਂ ਨੇ ਜਦੋਂ ਗੁਰਦੁਆਰਾ ਸਾਹਿਬ ਜੀ ਦੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਰਾਤ ਸਾਢੇ ਕੁ ਬਾਰਾਂ ਵਜੇ ਇਕ ਚੋਰ, ਜਿਸ ਨੇ ਪੀਲੇ ਪਰਨੇ ਨਾਲ ਮੂੰਹ ਢੱਕਿਆ ਹੋਇਆ ਸੀ, ਨੇ ਪਹਿਲਾਂ ਲੋਹੇ ਦੇ ਮੋਟੇ ਸਰੀਏ ਨਾਲ ਬਾਹਰਲਾ ਤਾਲਾ ਤੋੜਿਆ ਅਤੇ ਅੰਦਰ ਦਾਖ਼ਲ ਹੋ ਕੇ ਗੋਲਕ ਦੀ ਭੰਨਤੋੜ ਕਰਕੇ ਉਸ ਵਿਚੋਂ ਕੁਝ ਨਕਦੀ ਚੋਰੀ ਕਰ ਲਈ।
ਜਾਣਕਾਰੀ ਮੁਤਾਬਕ ਦੱਸਿਆ ਚੋਰ ਨੇ ਚੋਰੀ ਕਰਨ ਤੋਂ ਬਾਅਦ ਪਾਲਕੀ ਸਾਹਿਬ ਕੋਲ ਪਹੁੰਚ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੇਠੋਂ ਫਰੋਲਾ-ਫਰਾਲੀ ਕਰਕੇ ਕੁਝ ਹੋਰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਇਕ ਪਾਸੇ ਖਿਸਕਾ ਦਿੱਤਾ। ਪਿੰਡ ਦੇ ਲੋਕ ਸੀ. ਸੀ. ਟੀ. ਵੀ. ਫੁਟੇਜ ਦੇਖ ਕੇ ਰੋਹ ਵਿਚ ਆ ਗਏ। ਉਨ੍ਹਾਂ ਤੁਰੰਤ ਚੱਬੇਵਾਲ ਪੁਲਸ ਨੂੰ ਸੂਚਿਤ ਕੀਤਾ। ਚੱਬੇਵਾਲ ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਲੈ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰਕੇ ਕਥਿਤ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਕਥਿਤ ਦੋਸ਼ੀ ਕਾਬੂ ਕਰ ਲਿਆ ਜਾਵੇਗਾ।