ਭ੍ਰਿਸ਼ਟਾਚਾਰ ਖ਼ਿਲਾਫ਼ ਵੱਡਾ ਐਕਸ਼ਨ,ਚੀਫ਼ ਡਾਇਰੈਕਟਰ
ਅੰਮ੍ਰਿਤਸਰ (ਰਵਿੰਦਰ) – 1993 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਵਰਿੰਦਰ ਕੁਮਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬਾ ਵਿਜੀਲੈਂਸ ਬਿਊਰੋ ਦਾ ਚੀਫ਼ ਡਾਇਰੈਕਟਰ ਨਿਯੁਕਤ ਕੀਤਾ ਸੀ, ਕਿਉਂਕਿ ਵਰਿੰਦਰ ਕੁਮਾਰ ਦੀ ਪਛਾਣ ਇਕ ਈਮਾਨਦਾਰ ਪੁਲਸ ਅਧਿਕਾਰੀ ਦੇ ਰੂਪ ’ਚ ਹੈ। ਉਨ੍ਹਾਂ ਦੇ ਵਿਜੀਲੈਂਸ ਚੀਫ਼ ਬਣਨ ਤੋਂ ਬਾਅਦ ਵਿਜੀਲੈਂਸ ਨਾਲ ਸਬੰਧਤ ਮਾਮਲਿਆਂ ਵਿਚ ਵੱਡੀ ਤੇਜ਼ੀ ਵੇਖੀ ਗਈ ਹੈ। ਕਈ ਸਾਬਕਾ ਮੰਤਰੀਆਂ ’ਤੇ ਭ੍ਰਿਸ਼ਟਾਚਾਰ ਦਾ ਸ਼ਿਕੰਜਾ ਕੱਸਿਆ ਗਿਆ ਹੈ ਤਾਂ ਦੂਜੇ ਪਾਸੇ ਕਈ ਅਧਿਕਾਰੀਆਂ ਦੇ ਉੱਪਰ ਵੀ ਭ੍ਰਿਸ਼ਟਾਚਾਰ ਸਬੰਧੀ ਜਾਂਚ ਦਾ ਕੰਮ ਤੇਜ਼ ਕੀਤਾ ਗਿਆ ਹੈ। ਵਿਜੀਲੈਂਸ ਅੱਜਕਲ੍ਹ ਪੰਜਾਬ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਸਬੰਧੀ ਚੀਫ਼ ਵਿਜੀਲੈਂਸ ਡਾਇਰੈਕਟਰ ਵਰਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ, ਜਿਸ ਦੇ ਪ੍ਰਮੁੱਖ ਅੰਸ਼ ਹੇਠ ਲਿਖੇ ਅਨੁਸਾਰ ਹਨ :
ਭ੍ਰਿਸ਼ਟਾਚਾਰ ’ਚ ਕਿੰਨੀ ਕਮੀ ਆਈ ਹੈ, ਇਸ ਬਾਰੇ ਸਪੱਸ਼ਟ ਤੌਰ ’ਤੇ ਕੁਝ ਕਹਿਣਾ ਸੰਭਵ ਨਹੀਂ ਹੈ। ਇਸ ਦਾ ਅੰਦਾਜ਼ਾ ਤਾਂ ਜਨਤਾ ਹੀ ਲਗਾ ਸਕਦੀ ਹੈ ਪਰ ਇੰਨਾ ਜ਼ਰੂਰ ਹੈ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਜੋ ਸੁਨੇਹਾ ਮੁੱਖ ਮੰਤਰੀ ਵੱਲੋਂ ਦਿਤਾ ਗਿਆ ਸੀ, ਉਸ ਦਾ ਅਸਰ ਹੇਠਲੇ ਪੱਧਰ ਤਕ ਚਲਾ ਗਿਆ ਹੈ। ਭ੍ਰਿਸ਼ਟਾਚਾਰ ਨੂੰ ਲੈ ਕੇ ਅਧਿਕਾਰੀ ਵੀ ਜਵਾਬਦੇਹ ਹੋ ਗਏ ਹਨ। ਸਾਰਿਆਂ ਨੂੰ ਪਤਾ ਲੱਗ ਗਿਆ ਹੈ ਕਿ ਜੋ ਵੀ ਉਹ ਫੈਸਲਾ ਲੈਣਗੇ, ਉਸ ਦੇ ਲਈ ਉਨ੍ਹਾਂ ਨੂੰ ਕਿਸੇ ਨਾ ਕਿਸੇ ਦਿਨ ਜਵਾਬਦੇਹ ਜ਼ਰੂਰ ਹੋਣਾ ਪਵੇਗਾ। ਜੇ ਕਿਸੇ ਦਾ ਅੱਜ ਨੰਬਰ ਨਹੀਂ ਲੱਗਦਾ ਤਾਂ ਕੱਲ ਨੂੰ ਲੱਗ ਸਕਦਾ ਹੈ। ਇਸ ਲਈ ਸਰਕਾਰੀ ਕੰਮਕਾਜ ਵਿਚ ਪਾਰਦਰਸ਼ਤਾ ਆ ਰਹੀ ਹੈ ਅਤੇ ਆਉਣ ਵਾਲੇ ਸਮੇਂ ’ਚ ਇਸ ਵਿਚ ਹੋਰ ਸੁਧਾਰ ਵਿਖਾਈ ਦੇਵੇਗਾ। ਹੁਣ ਮੁੱਖ ਮੰਤਰੀ ਨੇ ਖ਼ੁਦ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਭ੍ਰਿਸ਼ਟਾਚਾਰ ਨਾਲ ਸਬੰਧਤ ਫਾਈਲਾਂ ਨੂੰ ਤੁਰੰਤ ਮਨਜ਼ੂਰੀ ਦਿੱਤੀ ਜਾਵੇ।