ਧੁੰਦ ਦਾ ਫਾਇਦਾ ਲੈਣ ਦੀ ਤਾਕ ‘ਚ ਸਮੱਗਲਰ, ਭਾਰਤ-ਪਾਕਿ ਸਰਹੱਦ’
ਅੰਮ੍ਰਿਤਸਰ (ਰਵਿੰਦਰ) : ਸੂਬੇ ਦੇ ਸਰਹੱਦੀ ਇਲਾਕਿਆਂ ਦੇ ਨਾਲ ਫਾਜ਼ਿਲਕਾ ਇਲਾਕੇ ’ਚ ਰਾਤ ਅਤੇ ਸਵੇਰੇ ਦੇ ਸਮੇਂ ਪੈਣ ਵਾਲੀ ਸੰਘਣੀ ਧੁੰਦ ਦਾ ਫਾਇਦਾ ਲੈ ਕੇ ਪਾਕਿਸਤਾਨ ’ਚ ਬੈਠੇ ਨਸ਼ੀਲੇ ਪਦਾਰਥਾਂ ਦੇ ਸਮੱਗਲਾਂ ਨੇ ਆਪਣੀਆਂ ਗਤੀਵਿਧੀਆਂ ਵਧਾ ਦਿੱਤੀਆਂ ਹਨ। ਇਨ੍ਹਾਂ ਸਭ ’ਚ ਇਨ੍ਹਾਂ ਨਸ਼ਾ ਸਮੱਗਲਰਾਂ ਦਾ ਸਭ ਤੋਂ ਵੱਡਾ ਸਹਾਇਕ ਡਰੋਨ ਹੋ ਰਿਹਾ ਹੈ। ਡਰੋਨ ਦੇ ਜ਼ਰੀਏ ਹੈਰੋਇਨ ਅਤੇ ਹਥਿਆਰ ਭੇਜਣ ’ਚ ਜਿੱਥੇ ਜਾਨ ਦੀ ਹਾਨੀ ਦਾ ਡਰ ਨਹੀਂ ਰਹਿੰਦਾ ਉੱਥੇ ਇਹ ਸੋਖਾ ਵੀ ਹੈ। ਨਸ਼ਾ ਸਮੱਗਲਰਾਂ ਦੀਆਂ ਇਨ੍ਹਾਂ ਗਤੀਵਿਧੀਆਂ ’ਚ ਗੁਆਂਢੀ ਮੁਲਕ ਵੀ ਸਹਾਇਕ ਹੈ, ਜੋ ਕਿ ਇਸ ਸਰਹੱਦੀ ਸੂਬੇ ’ਚ ਅਸ਼ਾਂਤੀ ਫੈਲਾਉਣਾ ਚਾਹੁੰਦਾ ਹੈ।
ਜਾਣਕਾਰੀ ਮੁਤਾਬਕ ਨਸ਼ਾ ਸਮੱਗਲਰਾਂ ਦੀਆਂ ਗਤੀਵਿਧੀਆਂ ਨੇ ਪਹਿਲੀ ਸੁਰੱਖਿਆ ਲਾਇਨ ਬੀ. ਐੱਸ. ਐੱਫ. ਤੋਂ ਇਲਾਵਾ ਵੱਖ-ਵੱਖ ਸੁਰੱਖਿਆ ਏਜੰਸੀਆਂ ਦੇ ਕੰਮ ਨੂੰ ਵਧਾ ਦਿੱਤਾ ਹੈ। ਸੰਘਣੀ ਧੁੰਦ ’ਚ ਦੇਸ਼ ਵਿਰੋਧੀ ਗਤੀਵਿਧੀਆਂ ’ਤੇ ਰੋਕ ਲਗਾਉਣ ਲਈ ਇਨ੍ਹਾਂ ਸਾਰਿਆਂ ਨੂੰ ਚੌਕਸੀ ਨਾਲ ਕੰਮ ਕਰਨਾ ਪਵੇਗਾ। ਪਾਕਿਸਤਾਨੀ ਸਮੱਗਲਰਾਂ ਵੱਲੋਂ ਭੇਜੇ ਜਾਣ ਵਾਲੇ ਡਰੋਨਾਂ ਨੂੰ ਸੁਰੱਖਿਆ ਏਜੰਸੀਆਂ ਅਸਾਨੀ ਨਾਲ ਫੜ੍ਹ ਨਾ ਸਕਣ, ਇਸ ਲਈ ਉਹ ਡਰੋਨ ’ਤੇ ਲੱਗੀਆਂ ਚਮਚਮਾਉਂਦੀਆਂ ਲਾਈਟਾਂ ’ਤੇ ਟੇਪ ਲਗਾ ਦਿੰਦੇ ਹਨ ਤਾਂ ਕਿ ਬੀ. ਐੱਸ. ਐੱਫ. ਦੇ ਜਵਾਨ ਅਤੇ ਸੁਰੱਖਿਆ ਏਜੰਸੀਆਂ ਭੁਲੇਖੇ ’ਚ ਰਹਿਣ। ਬੀ. ਐੱਸ. ਐੱਫ. ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਧੁੰਦ ’ਚ ਬੀ. ਐੱਸ. ਐੱਫ. ਨੇ ਆਪਣੀਆਂ ਗਤੀਵਿਧੀਆਂ ਅਤੇ ਚੌਕਸੀ ਦੋਵੇਂ ਵਧਾ ਦਿੱਤੀਆਂ ਹਨ।