ਸੁਲਤਾਨਪੁਰ ਲੋਧੀ ਨੂੰ ਪੰਜਾਬ ਦੇ ਮਾਡਲ ਵਜੋਂ ਵਿਕਸਿਤ ਕੀਤਾ ਜਾਵੇਗਾ: ਸੰਤ ਸੀਚੇਵਾਲ
ਅੰਮ੍ਰਿਤਸਰ (ਰਵਿੰਦਰ) – ਕੇਂਦਰ ਸਰਕਾਰ ਵੱਲੋਂ ਸਮਾਰਟ ਸਿਟੀ ’ਚ ਸ਼ਾਮਲ ਕੀਤੀ ਗਈ ਬਾਬੇ ਨਾਨਕ ਦੀ ਨਗਰੀ ਸੁਲਤਾਨਪੁਰ ਲੋਧੀ ਸਫ਼ਾਈ ਪੱਖ ਤੋਂ ਸੁੰਦਰ ਬਣਾਉਣ ਲਈ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਨਗਰ ਕੌਂਸਲ ਦਫ਼ਤਰ ’ਚ ਮੀਟਿੰਗ ਕੀਤੀ ਗਈ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੌਂਸਲ ਦੇ ਸਾਰੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਸੁਲਤਾਨਪੁਰ ਲੋਧੀ ਨੂੰ ਸਾਫ਼ ਸੁਥਰਾ ਅਤੇ ਮਾਡਲ ਸ਼ਹਿਰ ਵਜੋਂ ਵਿਕਸਤ ਕਰਨ ਨੂੰ ਤਰਜ਼ੀਹ ਦੇਣ। ਉਨ੍ਹਾਂ ਕਿਹਾ ਕਿ ਜਿਸ ਇਤਿਹਾਸਕ ਕਸਬੇ ਤੋਂ ਬਾਬੇ ਨਾਨਕ ਨੇ ਹਵਾ, ਪਾਣੀ ਅਤੇ ਧਰਤੀ ਨੂੰ ਸਤਿਕਾਰ ਦੇਣ ਦਾ ਸੁਨੇਹਾ ਦਿੱਤਾ ਸੀ, ਉਸੇ ਧਰਤੀ ਤੋਂ ਦੇਸ਼ ’ਤੇ ਦੁਨੀਆਂ ਸੇਧ ਲਵੇ ਕਿ ਸਾਡੇ ਸ਼ਹਿਰ ਅਤੇ ਕਸਬੇ ਕਿਹੋ ਜਿਹੇ ਹੋਣੇ ਚਾਹੀਦੇ ਹਨ।
ਮੀਟਿੰਗ ਦੌਰਾਨ ਸੰਤ ਸੀਚੇਵਾਲ ਨੇ ਅਧਿਾਕਰੀਆਂ ਨੂੰ ਕਿਹਾ ਕਿ ਸੁਲਤਾਨਪੁਰ ਵਰਗੇ ਇਤਿਹਾਸਕ ਨਗਰੀ ’ਚ ਵਾਰ-ਵਾਰ ਨੌਕਰੀ ਕਰਨ ਦਾ ਮੌਕਾ ਨਹੀਂ ਮਿਲਦਾ ਹੁੰਦਾ, ਆਪਣੀ ਨੌਕਰੀ ਨੂੰ ਵੀ ਯਾਦਗਾਰੀ ਬਣਾਉ। ਜਨਤਕ ਪਖਾਨਿਆਂ ਦੀ ਗਿਣਤੀ ਵਧਾਈ ਜਾਵੇ ਤਾਂ ਜੋ ਇਤਿਹਾਸਕ ਅਸਥਾਨਾਂ ਦੀ ਯਾਤਰੀ ਕਰਨ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਕੂਡ਼ੇ ਨੂੰ ਥਾਂ-ਥਾਂ ਅੱਗ ਲਗਾ ਕੇ ਪ੍ਰਦੂਸ਼ਣ ਫੈਲਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।
ਕਾਰਜ ਸਧਾਕ ਅਫ਼ਸਰ ਧਰਮਪਾਲ ਸਿੰਘ ਨੇ ਦੱਸਿਆ ਕਿ ਨਵਾਂ ਟਰੀਟਮੈਂਟ ਪਲਾਂਟ ਲਗਾਉਣ ਦੀ ਪ੍ਰੀਕ੍ਰਿਆ ਅੰਤਮ ਪਡ਼ਾਅ ’ਚ ਹੈ। ਉਨ੍ਹਾਂ ਦੱਸਿਆ ਕਿ ਠੋਸ ਕੂਡ਼ੇ ਲਈ 10 ਪਿਟਸ ਬਣੇ ਹੋਏ ਹਨ ਤੇ 16 ਹੋਰ ਪਿਟਸ ਬਣਾਉਣ ਦੀ ਲੋਡ਼ ਹੈ। ਉਨ੍ਹਾਂ ਇਹ ਵੀ ਸਵੀਕਾਰ ਕੀਤਾ ਕਿ ਸਾਰਾ ਕੂਡ਼ਾ ਪਿਟਾਂ ਤੱਕ ਨਹੀਂ ਜਾ ਰਿਹਾ। ਮੀਟਿੰਗ ’ਚ ਹਾਜ਼ਰ ਕੌਂਸਲਰ ਸੰਤਪ੍ਰੀਤ ਸਿੰਘ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਨੂੰ ਸਾਫ ਸੁਥਰਾ ਬਣਾਉਣ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸ ਮੌਕੇ ਜੇ. ਈ. ਤਰਲੋਚਨ ਸਿੰਘ , ਗੌਰਵ, ਗੱਤਕਾ ਕੋਚ ਗੁਰਵਿੰਦਰ ਕੌਰ ਤੇ ਜਸਵੰਤ ਸਿੰਘ ਸਮੇਤ ਹੋਰ ਸ਼ਹਿਰ ਦੇ ਲੋਕ ਵੀ ਹਾਜ਼ਰ ਸਨ।