ਆਸਮਾਨੀ ਚੜ੍ਹੇ ਰੇਤ-ਬੱਜਰੀ ਦੇ ਭਾਅ
ਅੰਮ੍ਰਿਤਸਰ (ਰਵਿੰਦਰ) : ਰੇਤ ਦੀ ਨਾਜਾਇਜ਼ ਮਾਈਨਿੰਗ ਅਤੇ ਰੇਟਾਂ ਨੂੰ ਲੈ ਕੈ ਪਿਛਲੀਆਂ ਸਰਕਾਰਾਂ ਦੀ ਹੋਈ ਵੱਡੀ ਕਿਰਕਰੀ ਦੇ ਬਾਅਦ ਬੇਸ਼ੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਦੌਰਾਨ ਲੋਕਾਂ ਨੂੰ ਸਸਤੀ ਰੇਤ-ਬੱਜਰੀ ਦਿਵਾਉਣ ਦੇ ਵੱਡੇ ਦਾਅਵੇ ਕੀਤੇ ਸਨ ਪਰ ਸਰਕਾਰ ਬਣਨ ਦੇ ਬਾਅਦ ਸੂਬੇ ਅੰਦਰ ਰੇਤ ਦੇ ਰੇਟ ਘਟਣ ਦੀ ਬਜਾਏ ਦੁੱਗਣੇ ਹੋ ਚੁੱਕੇ ਹਨ। ਇਕੱਤਰ ਵੇਰਵਿਆਂ ਅਨੁਸਾਰ ਗੁਰਦਾਸਪੁਰ ਸ਼ਹਿਰ ਅਤੇ ਨੇੜੇ-ਤੇੜੇ ਦੇ ਇਲਾਕਿਆਂ ’ਚ ਕਰੈਸ਼ਰ ਵਾਲੀ ਮੋਟੀ ਰੇਤ ਕਰੀਬ 6000 ਰੁਪਏ ਪ੍ਰਤੀ ਸੈਂਕੜਾ ਅਨੁਸਾਰ ਮਿਲ ਰਹੀ ਹੈ ਅਤੇ ਜਦੋਂ ਕਿ ਕੁਝ ਥਾਵਾਂ ’ਤੇ ਘਟੀਆ ਕਿਸਮ ਦੀ ਰੇਤ 5500 ਰੁਪਏ ਪ੍ਰਤੀ ਸੈਂਕੜਾ ਰੇਟ ’ਤੇ ਵਿਕ ਰਹੀ ਹੈ।
ਇਸ ਤੋਂ ਕੁਝ ਸਮਾਂ ਪਹਿਲਾਂ ਇਹੀ ਰੇਤ 7 ਹਜ਼ਾਰ ਰੁਪਏ ਤੋਂ ਵੀ ਜ਼ਿਆਦਾ ਰੇਟ ’ਤੇ ਵਿਕੀ ਸੀ। ਇਸੇ ਤਰ੍ਹਾਂ ਬਾਰੀਕ ਰੇਤ ਦਾ ਰੇਟ ਵੀ 6000 ਤੋਂ 6500 ਰੁਪਏ ਤੱਕ ਪਹੁੰਚ ਚੁੱਕਾ ਹੈ। ਬੱਜਰੀ ਵੀ ਇਸ ਮੌਕੇ 3000 ਰੁਪਏ ਪ੍ਰਤੀ ਸੈਂਕੜਾ ਤੋਂ ਜ਼ਿਆਦਾ ਰੇਟ ’ਤੇ ਵਿਕ ਰਹੀ ਹੈ। ਪਿਛਲੇ ਕਰੀਬ 6 ਮਹੀਨਿਆਂ ਤੋਂ ਰੇਤ ਦੇ ਰੇਟ ਇਸੇ ਤਰ੍ਹਾਂ ਆਸਮਾਨੀ ਚੜ੍ਹੇ ਹੋਏ ਹਨ। ਸ਼ੁਰੂਆਤੀ ਦੌਰ ਵਿਚ ਲੋਕਾਂ ਨੂੰ ਉਮੀਦ ਸੀ ਕਿ ਪੰਜਾਬ ਸਰਕਾਰ ਵੱਲੋਂ ਨਵੀਂ ਮਾਈਨਿੰਗ ਪਾਲਸੀ ਲਿਆਉਣ ਦੇ ਬਾਅਦ ਰੇਤ-ਬੱਜਰੀ ਦੇ ਰੇਟ ਜ਼ਰੂਰ ਘੱਟ ਹੋਣਗੇ ਪਰ ਇਹ ਮਾਮਲਾ ਵਿਭਾਗੀ ਅਤੇ ਅਦਾਲਤੀ ਘੁੰਮਣ ਘੇਰੀਆਂ ’ਚ ਅਜਿਹਾ ਉਲਝਿਆ ਹੈ ਕਿ ਉਸ ਨੇ ਇਮਾਰਤਾਂ ਦੀ ਉਸਾਰੀ ਕਰਨ ਵਾਲੇ ਲੋਕਾਂ ਦੇ ਸਾਰੇ ਬਜਟ ਹੀ ਉਲਝਾ ਕੇ ਰੱਖ ਦਿੱਤੇ ਹਨ।