ਇਨਸਾਨੀਅਤ ਭੁੱਲ ਚੁੱਕੇ ਸਹੁਰਿਆਂ ਨੇ ਕੀਤੀ ਹੱਦ ਪਾਰ
ਅੰਮ੍ਰਿਤਸਰ (ਰਵਿੰਦਰ) : ਸਿਵਲ ਹਸਪਤਾਲ ’ਚ ਸਵੇਰੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ 9 ਮਹੀਨਿਆਂ ਦੇ ਬੱਚੇ ਦੀ ਮੌਤ ਤੋਂ ਬਾਅਦ ਸਹੁਰਿਆਂ ਨੇ ਮਾਂ ਨੂੰ ਮੂੰਹ ਤੱਕ ਨਹੀਂ ਦੇਖਣ ਦਿੱਤਾ। ਬੱਚੇ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਿਤਾ ਨੂੰ ਸੌਂਪ ਦਿੱਤੀ ਗਈ। ਲਾਸ਼ ਨੂੰ ਦੇਖਣ ਲਈ ਮਾਂ ਨੇ ਆਪਣੇ ਵੱਲ ਖਿੱਚਿਆ ਤਾਂ ਪਿਤਾ ਨੇ ਲਾਸ਼ ਨੂੰ ਆਪਣੇ ਵੱਲ ਖਿੱਚ ਲਿਆ। ਇਸ ਝਗੜੇ ’ਚ ਦੋਵੇਂ ਧਿਰਾਂ ਆਪਸ ’ਚ ਭਿੜ ਗਈਆਂ। ਹੰਗਾਮਾ ਹੁੰਦਾ ਦੇਖ ਥਾਣਾ ਸਿਵਲ ਅਤੇ ਥਾਣਾ ਡਵੀਜ਼ਨ ਨੰਬਰ-2 ਦੀ ਪੁਲਸ ਮੌਕੇ ’ਤੇ ਪੁੱਜ ਗਈ। ਪੂਜਾ ਦਾ ਦੋਸ਼ ਹੈ ਕਿ ਉਸ ਦੇ ਸਹੁਰਾ ਧਿਰ ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਅਤੇ ਬੱਚੇ ਨੂੰ ਆਪਣੇ ਨਾਲ ਹੀ ਰੱਖਿਆ।
ਜਾਣਕਾਰੀ ਅਨੁਸਾਰ 9 ਮਹੀਨਿਆਂ ਦੇ ਬੱਚੇ ਦੀ ਮੌਤ ਤੋਂ ਬਾਅਦ ਇਨਸਾਫ਼ ਲਈ ਜਿੱਥੇ ਇਹ ਘਟਨਾ ਵਾਪਰੀ ਸੀ, ਉੱਥੇ 2 ਪੁਲਸ ਥਾਣਿਆਂ ਦੀਆਂ ਇੰਚਾਰਜਾਂ ਵੀ ਔਰਤਾਂ ਹਨ। ਇਸ ਦੇ ਬਾਵਜੂਦ ਦੋਵੇਂ ਥਾਣੇ ਇੰਚਾਰਜ ਮਾਂ ਨੂੰ ਮ੍ਰਿਤਕ ਬੱਚੇ ਦਾ ਚਿਹਰਾ ਨਹੀਂ ਦਿਖਾ ਸਕੀਆਂ। ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ-2 ਅਤੇ ਥਾਣਾ ਹੈਬੋਵਾਲ ਦੇ ਇੰਚਾਰਜ ਨਾਲ ਸੰਪਰਕ ਕੀਤਾ ਗਿਆ ਹੈ। ਥਾਣਾ ਡਵੀਜ਼ਨ ਨੰਬਰ-2 ਦੀ ਇੰਚਾਰਜ ਅਰਸ਼ਪ੍ਰੀਤ ਕੌਰ ਨੂੰ ਪੁੱਛਿਆ ਗਿਆ ਕਿ ਕੀ ਮਾਂ ਨੇ ਆਪਣੇ ਬੱਚੇ ਨੂੰ ਆਖ਼ਰੀ ਵਾਰ ਦੇਖਿਆ ਸੀ ਤਾਂ ਇੰਚਾਰਜ ਨੇ ਕਿਹਾ ਕਿ ਉਨ੍ਹਾਂ ਦੇ ਇਲਾਕੇ ’ਚ ਲੜਾਈ ਹੋਈ ਸੀ। ਮਾਪੇ ਬੱਚੇ ਦੀ ਲਾਸ਼ ਨੂੰ ਖਿੱਚ ਰਹੇ ਸਨ। ਫਿਲਹਾਲ ਪੁਲਸ ਨੇ ਪੂਜਾ ਦੇ ਬਿਆਨਾਂ ’ਤੇ ਸਹੁਰੇ ਵਾਲਿਆਂ ਖ਼ਿਲਾਫ਼ ਕੁੱਟਮਾਰ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕਰ ਲਿਆ ਹੈ।