November 25, 2024

UK ਤੋਂ ਪਰਤੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕੀਤਾ ਵੱਡਾ ਖੁਲਾਸਾ

ਅੰਮ੍ਰਿਤਸਰ (ਰਵਿੰਦਰ ਕੌਰ) – ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਯੂ. ਕੇ. ਤੋਂ ਪਰਤ ਕੇ ਸਿੱਧੂ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਸ ਨੇ ਸਾਡੇ ਕੋਲੋਂ ਇਹ ਗੱਲ ਲੁਕੋ ਕੇ ਰੱਖੀ ਸੀ ਕਿ ਉਸ ਨੂੰ ਯੂ. ਕੇ. ਦੀ ਪੀ. ਆਰ. ਮਿਲੀ ਹੋਈ ਸੀ ਕਿਉਂਕਿ ਉਹ ਸੋਚਦਾ ਸੀ ਕਿ ਜੇ ਮੈਨੂੰ ਪਤਾ ਲੱਗ ਗਿਆ ਤਾਂ ਮੈਂ ਉਸ ਨੂੰ ਪਿੰਡ ਨਹੀਂ ਰਹਿਣ ਦੇਵਾਂਗਾ। ਉਨ੍ਹਾਂ ਕਿਹਾ ਕਿ ਮੂਸੇਵਾਲਾ ਦੇ ਕਤਲ ਲਈ ਯੂ. ਕੇ. ਦੀ ਸਰਕਾਰ ਵੀ ਇਨਸਾਫ਼ ਦੀ ਮੰਗ ਕਰ ਰਹੀ ਹੈ ਕਿਉਂਕਿ ਸਿੱਧੂ ਯੂ. ਕੇ. ਦਾ ਪੀ. ਆਰ. ਸੀ ਅਤੇ ਉਥੋਂ ਦੇ ਲੋਕਾਂ ਦੇ ਦਿਲਾਂ ਵਿਚ ਆਪਣੀ ਗਾਇਕੀ ਦੇ ਤੌਰ ’ਤੇ ਵਸਿਆ ਹੋਇਆ ਸੀ ਪਰ ਸਾਡੀ ਸਰਕਾਰ ਨੂੰ ਇਸ ਦਾ ਕੋਈ ਫਿਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਲਾਇਸੈਂਸੀ ਹਥਿਆਰ ਕਦੇ ਵੀ ਅਪਰਾਧ ਨਹੀਂ ਕਰਦੇ। ਆਪਣੇ ਦੇਸ਼ ਅਤੇ ਪੰਜਾਬ ਅੰਦਰ ਅਸਲਾ ਲੈਣ ਦੀ ਪ੍ਰਕਿਰਿਆ ਇੰਨੀ ਔਖੀ ਹੈ ਕਿ ਇਸ ਨੂੰ ਆਮ ਬੰਦਾ ਲੈ ਕੇ ਸਰਕਾਰ ਦੀਆਂ ਸ਼ਰਤਾਂ ਹੀ ਪੂਰੀਆ ਨਹੀਂ ਕਰ ਸਕਦਾ। ਇਸ ਪ੍ਰਕਿਰਿਆ ਨੂੰ ਹੋਰ ਔਖਾ ਕਰਕੇ ਸਰਕਾਰ ਲੋਕਾਂ ਨੂੰ ਨਿਹੱਥੇ ਕਰ ਰਹੀ ਹੈ, ਜਦਕਿ ਗੈਂਗਸਟਰ ਵੱਡੇ-ਵੱਡੇ ਹਥਿਆਰ ਲੈ ਕੇ ਲੁੱਟਾਂ-ਖੋਹਾਂ, ਕਤਲ ਅਤੇ ਫਿਰੌਤੀਆਂ ਨੂੰ ਅੰਜਾਮ ਦੇ ਰਹੇ ਹਨ।

ਉਨ੍ਹਾਂ ਕਿਹਾ ਕਿ ਸਿੱਧੂ ਦੇ ਕਤਲ ਪਿੱਛੇ ਗਾਇਕੀ ਖੇਤਰ ਵਿਚ ਉਸ ਦੇ ਮਸ਼ਹੂਰ ਹੋਣ ਨੂੰ ਲੈ ਕੇ ਤਕਲੀਫ਼ ਮੰਨਣ ਵਾਲੇ ਵਿਅਕਤੀਆਂ ਜਾਂ ਕੋਈ ਸਿਆਸੀ ਸਾਜ਼ਿਸ਼ ਵੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਪਿੱਛੇ ਉਨ੍ਹਾਂ ਡੀ. ਜੀ. ਪੀ. ਪੰਜਾਬ ਕੋਲ ਅਕਾਲੀ ਵਰਕਰ ਸੰਦੀਪ ਕਾਹਲੋਂ ਦੇ ਮਾਮਲੇ ਦੀ ਵੀ ਜਾਂਚ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪੰਜਾਬ ਦੀਆਂ ਸਰਕਾਰਾਂ ਸੁਰੱਖਿਆ ਦੀ ਗੱਲ ਕਰਦੀਆਂ ਹਨ ਪਰ ਵਿਦੇਸ਼ਾਂ ਦੇ ਮੁਕਾਬਲੇ ਸਾਡੀ ਜ਼ੀਰੋ ਭਰ ਵੀ ਸੁਰੱਖਿਆ ਨਹੀਂ ਹੈ ਅਤੇ ਹਰ ਆਮ ਖਾਸ ਵਿਅਕਤੀ ਦੀ ਜਾਨ ਨੂੰ ਚਾਰੋਂ ਪਹਿਰ ਖੌਫ਼ ਬਣਿਆ ਰਹਿੰਦਾ ਹੈ। ਅਜਿਹੀ ਸਥਿਤੀ ’ਚ ਆਪਣੀ ਸੁਰੱਖਿਆ ਲਈ ਹਥਿਆਰ ਰੱਖਣ ਵਾਲਿਆਂ ’ਤੇ ਪਰਚੇ ਦਰਜ ਕਰਕੇ ਸਰਕਾਰ ਕੀ ਸਾਬਿਤ ਕਰਨਾ ਚਾਹੁੰਦੀ ਹੈ, ਇਹ ਸਮਝ ਤੋਂ ਪਰ੍ਹੇ ਹੈ।

 

 

Leave a Reply

Your email address will not be published. Required fields are marked *