312 ਚਾਈਨਾ ਡੋਰ ਗੱਟੂਆਂ ਸਮੇਤ ਇਕ ਮੁਲਜ਼ਮ ਕਾਬੂ
ਅੰਮ੍ਰਿਤਸਰ (ਰਵਿੰਦਰ)- ਲੋਕਾਂ ਲਈ ਜਾਨਲੇਵਾ ਸਾਬਤ ਹੋਣ ਵਾਲੀ ਚਾਈਨਾ ਡੋਰ ਦੇ ਕਾਰੋਬਾਰੀਆਂ ਖ਼ਿਲਾਫ਼ ਪੁਲਸ ਨੇ ਸਖ਼ਤੀ ਨਾਲ ਕਾਰਵਾਈ ਕਰਦੇ ਹੋਏ ਇਕ ਮੁਲਜ਼ਮ ਨੂੰ 312 ਚਾਈਨਾ ਡੋਰ ਗੱਟੂ ਸਮੇਤ ਗ੍ਰਿਫ਼ਤਾਰ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਪਰਚਾ ਦਰਜ ਕਰਦੇ ਹੋਏ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਕਿ ਇਹ ਗੱਟੂ ਕਿਸ ਜਗ੍ਹਾ ਤੋਂ ਲਿਆਂਦੇ ਗਏ ਸਨ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਲੋਂ ਇਨਸਾਨਾਂ ਦੀ ਜਾਨ ਦਾ ਖੌਅ ਬਣਨ ਵਾਲੀ ਚਾਈਨਾ ਡੋਰ ਦੀ ਵਿਕਰੀ ਅਤੇ ਸਟੋਰ ਕਰਨ ਉੱਪਰ ਸਖ਼ਤੀ ਨਾਲ ਪਾਬੰਦੀ ਲਗਾਏ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਸਿਟੀ ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਚੌਕ ਨੰਗੇ ਪੈਰਾਂ ਵਾਲਾ ਤਰਨਤਾਰਨ ਵਿਖੇ ਇਕ ਪਤੰਗ ਕਾਰੋਬਾਰੀ ਵਲੋਂ ਵੱਡੀ ਮਾਤਰਾ ’ਚ ਬੈਨ ਕੀਤੀ ਗਈ ਚਾਇਨਾ ਡੋਰ ਦੇ ਗੱਟੂ ਬਲੈਕ ’ਚ ਵੇਚਣ ਦੇ ਮਕਸਦ ਨਾਲ ਮੰਗਵਾਏ ਗਏ ਹਨ |
ਜਿਸ ’ਤੇ ਪੁਲਸ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਸੰਦੀਪ ਕੁਮਾਰ ਪੁੱਤਰ ਮਦਨ ਲਾਲ ਵਾਸੀ ਚੌਕ ਨੰਗੇ ਪੈਰਾਂ ਵਾਲਾ ਤਰਨਤਾਰਨ ਨੂੰ 312 ਚਾਈਨਾ ਦੇ ਗੱਟੂਆਂ ਸਣੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡੀ.ਐੱਸ.ਪੀ. ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਲੋਂ ਚਾਈਨਾ ਡੋਰ ਜੋ ਮਨੁੱਖੀ ਜੀਵਨ, ਪਸ਼ੂ-ਪੰਛੀਆਂ ਅਤੇ ਵਾਤਾਵਰਨ ਨੂੰ ਖ਼ਤਰੇ ’ਚ ਪਾ ਰਹੀ ਹੈ। ਇਸ ਦੀ ਵਿਕਰੀ ਉੱਪਰ ਸਖ਼ਤੀ ਨਾਲ ਪਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ, ਜਿਸ ਤਹਿਤ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਖ਼ਿਲਾਫ਼ ਵੱਖ-ਵੱਖ ਧਰਾਵਾਂ ਹੇਠ ਥਾਣਾ ਸਿਟੀ ਤਰਨਤਾਰਨ ਵਿਖੇ ਮਾਮਲਾ ਦਰਜ਼ ਕਰ ਅਗਲੇਰੀ ਜਾਂਚ ਠਾਣੇਦਾਰ ਇੰਦਰਜੀਤ ਸਿੰਘ ਵਲੋਂ ਸ਼ੁਰੂ ਕਰ ਦਿੱਤੀ ਗਈ ਹੈ।