ਪੰਜਾਬ ‘ਚ ਜੰਗਲ ਰਾਜ, ਹੁਣ ਸਕੂਲ ਦੇ ਬਾਹਰ ਚਲਿਆ ਕਿਰਪਾਨਾਂ
ਅੰਮ੍ਰਿਤਸਰ (ਰਵਿੰਦਰ)–ਥਾਣਾ ਨੰਬਰ 2 ਅਧੀਨ ਪੈਂਦੇ ਇਲਾਕਾ ਦੀਨਦਿਆਲ ਉਪਾਧਿਆਏ ਨਗਰ ਦੇ ਸ਼ਿਵਜੋਤੀ ਪਬਲਿਕ ਸਕੂਲ ਦੇ ਬਾਹਰ ਅੱਜ ਦਿਨ-ਦਿਹਾੜੇ ਮੋਟਰਸਾਈਕਲਾਂ ’ਤੇ ਕਿਰਪਾਨਾਂ ਲੈ ਕੇ ਆਏ ਨੌਜਵਾਨਾਂ ਨੇ ਜੰਮ ਕੇ ਹੁੱਲੜਬਾਜ਼ੀ ਕੀਤੀ, ਜਿਸ ਕਾਰਨ ਇਲਾਕੇ ਵਿਚ ਤਣਾਅਪੂਰਨ ਸਥਿਤੀ ਬਣ ਗਈ। ਦੀਨਦਿਆਲ ਉਪਾਧਿਆਏ ਨਗਰ ’ਚ ਵਿਗੜੇ ਹਾਲਾਤ ਦੀ ਸੂਚਨਾ ਮਿਲਦੇ ਹੀ ਸਬੰਧਤ ਪੁਲਸ ਸਟੇਸ਼ਨ ਥਾਣਾ ਨੰਬਰ 2 ਦੇ ਐੱਸ .ਆਈ. ਗੁਰਨਾਮ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਦੇ ਆਉਣ ਪਹਿਲਾਂ ਪੀ. ਸੀ. ਆਰ. ਦੀ ਟੀਮ ਵੀ ਪਹੁੰਚ ਗਈ ਸੀ ਪਰ ਉਦੋਂ ਤੱਕ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨ ਉਥੋਂ ਫ਼ਰਾਰ ਹੋ ਚੁੱਕੇ ਸਨ। ਜਾਂਚ ਕਰ ਰਹੇ ਐੱਸ. ਆਈ. ਗੁਰਨਾਮ ਸਿੰਘ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਹੁੱਲੜਬਾਜ਼ ਨੌਜਵਾਨਾਂ ਨੂੰ ਕਾਬੂ ਕਰਨ ਲਈ ਰੇਡ ਕੀਤੀ ਜਾ ਰਹੀ ਹੈ। ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਜ਼ਰੀਏ ਨੌਜਵਾਨਾਂ ਦੀ ਪਛਾਣ ਕੀਤੀ ਜਾ ਰਹੀ ਹੈ। ਜਿਹਡ਼ੇ ਲੋਕਾਂ ਦੇ ਵਾਹਨਾਂ ਦੇ ਸ਼ੀਸ਼ੇ ਤੋੜੇ ਗਏ ਹਨ, ਦੀ ਸ਼ਿਕਾਇਤ ਦੇ ਆਧਾਰ ’ਤੇ ਬਣਦੀ ਕਾਰਵਾਈ ਕਰੇਗੀ।
ਜਾਣਕਾਰੀ ਮੁਤਾਬਕ ਘਟਨਾ ਦੇ ਪਿੱਛੇ ਰਜਨੀਸ਼ ਅਤੇ ਟੋਨੀ ਦੇ ਨਾਂ ਸਾਹਮਣੇ ਆ ਰਹੇ ਹਨ। ਪੁਲਸ ਉਨ੍ਹਾਂ ਦਾ ਪਤਾ ਲਾ ਰਹੀ ਹੈ। ਬੱਚਿਆਂ ਅਤੇ ਸਟਾਫ਼ ਦੀ ਸੁਰੱਖਿਆ ਨੂੰ ਵੇਖਦਿਆਂ ਪੀ. ਸੀ. ਆਰ. ਟੀਮ ਸਕੂਲ ਦੇ ਬਾਹਰ ਲਾ ਦਿੱਤੀ ਗਈ ਹੈ।ਸ਼ਿਵਜੋਤੀ ਪਬਲਿਕ ਸਕੂਲ ਦੀ ਪ੍ਰਿੰਸੀਪਲ ਪ੍ਰਵੀਨ ਸ਼ੈਲੀ ਨੇ ਕਿਹਾ ਕਿ ਸਕੂਲ ਦੇ ਬਾਹਰ ਜਿਹੜਾ ਹੰਗਾਮਾ ਹੋਇਆ ਹੈ, ਉਸ ਵਿਚ ਉਨ੍ਹਾਂ ਦੇ ਸਕੂਲ ਦਾ ਕੋਈ ਵੀ ਬੱਚਾ ਨਹੀਂ ਸੀ। ਹੁੱਲੜਬਾਜ਼ ਨੌਜਵਾਨ ਕੌਣ ਸਨ, ਪੁਲਸ ਪ੍ਰਸ਼ਾਸਨ ਨੂੰ ਇਸਦਾ ਪਤਾ ਲਾਉਣਾ ਚਾਹੀਦਾ ਹੈ। ਸਕੂਲ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਚੈੱਕ ਕੀਤੀ ਜਾ ਸਕਦੀ ਹੈ।