ਅਮਰੀਕਾ-ਭਾਰਤ ਤਿਓਹਾਰੀ ਸੰਬੰਧ ‘ਚ ਬੋਲੇ ਭਾਰਤੀ ਰਾਜਦੂਤ ਸੰਧੂ
ਅੰਮ੍ਰਿਤਸਰ (ਰਵਿੰਦਰ) : ਅਮਰੀਕਾ ‘ਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਅਮਰੀਕਾ-ਭਾਰਤ ਦੇ 75 ਸਾਲ ਦੇ ਸੰਬੰਧਾਂ ’ਤੇ ਜ਼ੋਰ ਦਿੱਤਾ। ਹਾਲ ਹੀ ‘ਚ ਇੰਡੀਆ ਹਾਊਸ, ਵਾਸ਼ਿੰਗਟਨ ਵਿਚ ਤਿਓਹਾਰੀ ਸੀਜ਼ਨ ਮਨਾਉਣ ਲਈ ਦੁਪਹਿਰ ਦੇ ਭੋਜਨ ਦੇ ਸਵਾਗਤ ਸਮਾਰੋਹ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿ ਜਿਵੇਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਜਿਸ ਭਾਰਤ ਦਾ ਸੁਪਨਾ ਦੇਖਦੇ ਹਾਂ, ਉਹ ਸਾਡੇ ਸਾਹਮਣੇ ਹੈ। ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਪੀ. ਐੱਮ. ਮੋਦੀ ਦੀ ਪ੍ਰਸ਼ੰਸਾ ਕਰਦਿਆਂ ਅੱਗੇ ਕਿਹਾ ਕਿ ਭਾਰਤੀ ਪੀ. ਐੱਮ. ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੇ ਨਾਲ ਭਾਰਤ ਅਤੇ ਅਮਰੀਕਾ ਦੇ ਸੰਬੰਧਾਂ ਨੂੰ ਅੱਗੇ ਵਧਾਇਆ ਹੈ। ਦੋਵੇਂ ਨੇਤਾ 15 ਤੋਂ ਜ਼ਿਆਦਾ ਵਾਰ ਮਿਲੇ।
ਇਸ ਵਿਚ ਉਨ੍ਹਾਂ ਜੀ-20 ਸਿਖਰ ਸੰਮੇਲਨ ਦਾ ਵੀ ਜ਼ਿਕਰ ਕੀਤਾ, ਜਿਥੇ ਪੀ. ਐੱਮ. ਮੋਦੀ ਅਤੇ ਰਾਸ਼ਟਰਪਤੀ ਬਾਈਡੇਨ ਗਰਮਜੋਸ਼ੀ ਨਾਲ ਇਕ ਦੂਜੇ ਨੂੰ ਮਿਲੇ ਸਨ।ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਸਾਡੇ ਕੋਲ ਸਟਾਰਟਅਪ ਦੇ ਨਾਂ ’ਤੇ ਕੁਝ ਵੀ ਨਹੀਂ ਸੀ, ਬਿਲਕੁਲ ਜ਼ੀਰੋ ਸੀ ਪਰ ਅੱਜ ਦੇ ਸਮੇਂ ਵਿਚ ਭਾਰਤ ਵਿਚ 77,000 ਤੋਂ ਵੱਧ ਸਟਾਰਟਅਪ ਹਨ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਨ੍ਹਾਂ ‘ਚੋਂ 108 ਯੂਨੀਕਾਰਨ ਦਾ ਦਰਜਾ ਰੱਖਦੇ ਹਨ।ਇਸ ਦੌਰਾਨ ਸੰਧੂ ਨੇ ਪੁਲਾੜ ਟੈਕਨਾਲੋਜੀ, ਆਈ. ਟੀ. ਸਿਹਤ ਸੇਵਾ ਆਦਿ ਦੇ ਖੇਤਰ ਵਿਚ ਦੋਵਾਂ ਦੇਸ਼ਾਂ ਦਰਮਿਆਨ ਰਣਨੀਤਕ ਭਾਈਵਾਲੀ ਦੀ ਉਦਾਹਰਨ ਦਿੱਤੀ ਤਾਂ ਜੋ ਦੋਵਾਂ ਦੇਸ਼ਾਂ ਦਰਮਿਆਨ ਦੋ-ਪੱਖੀ ਸੰਬੰਧਾਂ ਨੂੰ ਮੁੜ ਮਜ਼ਬੂਤ ਕਰਦੇ ਹੋਏ ਆਪਸੀ ਸਹਿਯੋਗ ਨੂੰ ਵਧਾਇਆ ਜਾ ਸਕੇ। ਸਾਲ 2014 ਦੇ ਸਤੰਬਰ ਮਹੀਨੇ ਵਿਚ ਅਤੇ ਜਨਵਰੀ 2015 ਵਿਚ ਪੀ. ਐੱਮ. ਮੋਦੀ ਅਤੇ ਮੌਜੂਦਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਾਰਿਆਂ ਦਾ ਵਿਕਾਸ (ਸਾਂਝਾ ਯਤਨ, ਸਾਰਿਆਂ ਲਈ ਤਰੱਕੀ) ਸੰਬੰਧੀ ਨੀਤੀਆਂ ਨੂੰ 2 ਸਿਖਰ ਸੰਮੇਲਨ ਦੌਰਾਨ ਅੱਗੇ ਵਧਾਉਣ ’ਤੇ ਵਿਚਾਰ ਕੀਤਾ ਸੀ।