ਬਲੈਰੋ ‘ਚ ਆਏ ਨੌਜਵਾਨ ਨੇ ਫਾਰਮ ਹਾਊਸ ‘ਚ ਵੜ ਕੇ ਕੀਤੀ ਫਾਇਰਿੰਗ
ਅੰਮ੍ਰਿਤਸਰ (ਰਵਿੰਦਰ) : ਪੰਜਾਬ ਸਰਕਾਰ ਗੰਨ ਕਲਚਰ ਨੂੰ ਖਤਮ ਕਰਨਾ ਚਾਹੁੰਦੀ ਹੈ ਪਰ ਅਪਰਾਧੀ ਸ਼ਰੇਆਮ ਨਾਜਾਇਜ਼ ਹਥਿਆਰ ਲੈ ਕੇ ਘੁੰਮ ਰਹੇ ਹਨ। ਦੇਰ ਸ਼ਾਮ ਹੈਬੋਵਾਲ ਦੇ ਚੂਹੜਪੁਰ ਇਲਾਕੇ ’ਚ ਗੋਲੀ ਚੱਲਣ ਦੀ ਵਾਰਦਾਤ ਨੇ ਦਹਿਸ਼ਤ ਫੈਲਾ ਦਿੱਤੀ। ਰੰਜਿਸ਼ ਕਾਰਨ ਬਲੈਰੋ ਕਾਰ ਸਵਾਰ ਨੌਜਵਾਨ ਇਕ ਫਾਰਮ ਹਾਊਸ ’ਚ ਗਿਆ ਅਤੇ ਉਸ ਨੇ ਫਾਇਰਿੰਗ ਕਰ ਦਿੱਤੀ, ਜੋ ਕਿ ਗੋਲੀ ਇਕ ਵਿਅਕਤੀ ਦੇ ਗਰਦਨ ’ਤੇ ਲੱਗ ਗਈ, ਜਿਸ ਕਾਰਨ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜ਼ਖਮੀ ਵਿਅਕਤੀ ਰੋਹਿਤ ਕਪਿਲਾ ਹੈ, ਜਿਸ ਨੂੰ ਗੰਭੀਰ ਹਾਲਤ ਵਿਚ ਡੀ. ਐੱਮ. ਸੀ. ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਪ੍ਰਾਪਰਟੀ ਡੀਲਰ ਦਾ ਕੰਮ ਕਰਨ ਵਾਲਾ ਰੋਹਿਤ ਕਪਿਲਾ ਅਤੇ ਉਸ ਦਾ ਦੋਸਤ ਲਾਲੀ ਦੇ ਫਾਰਮ ਹਾਊਸ ’ਚ ਗਏ ਸਨ। ਜਦ ਤਿੰਨੇ ਫਾਰਮ ਹਾਊਸ ’ਚ ਮੌਜੂਦ ਸਨ ਤਾਂ ਉੱਥੇ ਬਲੈਰੋ ਕਾਰ ’ਚੋਂ ਇਕ ਨੌਜਵਾਨ ਵੀ ਆ ਗਿਆ, ਜਿਸ ਨੇ ਉੱਥੇ ਗੋਲੀ ਚਲਾ ਦਿੱਤੀ ਸੀ, ਜੋ ਕਿ ਫਰਸ਼ ’ਤੇ ਲੱਗ ਕੇ ਲਾਲੀ ਦੇ ਪਿੱਛੇ ਖੜ੍ਹੇ ਕਪਿਲਾ ਦੇ ਗਰਦਨ ’ਤੇ ਜਾ ਲੱਗੀ।
ਜਾਣਕਾਰੀ ਮੁਤਾਬਕ ਗੋਲੀ ਦੀ ਆਵਾਜ਼ ਸੁਣ ਕੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕਾਂ ਨੇ ਦੱਸਿਆ ਕਿ ਨੌਜਵਾਨ ਦੀ ਲਾਲੀ ਨਾਲ ਕਿਸੇ ਗੱਲ ਨੂੰ ਲੈ ਕੇ ਰੰਜਿਸ਼ ਸੀ। ਲਾਲੀ ਅਤੇ ਉਸ ਦੇ ਦੋਸਤ ਨੇ ਰੋਹਿਤ ਕਪਿਲਾ ਨੂੰ ਹਸਪਤਾਲ ਪਹੁੰਚਾਇਆ। ਇਸ ਤੋਂ ਇਲਾਵਾ ਇਹ ਵੀ ਪਤਾ ਲੱਗਾ ਹੈ ਕਿ ਗੋਲੀ ਚਲਾਉਣ ਵਾਲਾ ਨੌਜਵਾਨ, ਜੇਲ ’ਚ ਬੈਠੇ ਗੈਂਗਸਟਰ ਦਾ ਰਾਈਟ ਹੈਂਡ ਹੈ, ਜੋ ਕਿ ਫਿਰੌਤੀ ਮੰਗਣ ਵਰਗੇ ਸੰਗੀਨ ਜ਼ੁਰਮ ’ਚ ਜੇਲ ਵੀ ਜਾ ਚੁੱਕਾ ਹੈ। ਕਿਹਾ ਜਾ ਰਿਹਾ ਹੈ ਕਿ ਗੋਲੀ ਚਲਾਉਣ ਵਾਲੇ ਮੁਲਜ਼ਮ ਨੂੰ ਲੋਕਾਂ ਦੀ ਮਦਦ ਨਾਲ ਪੁਲਸ ਨੇ ਫੜ ਲਿਆ ਹੈ। ਭਾਵੇਂ ਇਸ ਦੀ ਪੁਸ਼ਟੀ ਨਹੀਂ ਹੋਈ ਹੈ।