ਅੰਮ੍ਰਿਤਸਰ ‘ਚ ਪਿੱਛਲੇ 3 ਦੀਨਾ ਤੋਂ ਲੁਟਖੋ ਦੀ ਵਾਰਦਾਤਾਂ ਵੱਧ ਰਹੀਆਂ
ਅੰਮ੍ਰਿਤਸਰ (ਰਵਿੰਦਰ) : ਇਸ ਸਮੇਂ ਪੰਜਾਬ ‘ਚ ਲਾਅ ਐਂਡ ਆਰਡਰ ਦੀ ਸਥਿਤੀ ਬਦ ਤੋਂ ਬਦਤਰ ਹੋਈ ਪਈ ਹੈ। ਹਾਲਾਂਕਿ ਜੋ ਲੋਕ ਹਥਿਆਰਾਂ ਨਾਲ ਸੋਸ਼ਲ ਮੀਡੀਆ ‘ਤੇ ਤਸਵੀਰਾਂ ਪਾਉਂਦੇ ਹਨ, ਪੁਲਸ ਉਨ੍ਹਾਂ ‘ਤੇ ਕਾਰਵਾਈ ਵੀ ਕਰ ਰਹੀ ਹੈ। ਇਸ ਦੇ ਬਾਵਜੂਦ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਅੰਮ੍ਰਿਤਸਰ ਜ਼ਿਲ੍ਹੇ ‘ਚ ਪਿਛਲੇ 3 ਦਿਨਾਂ ਤੋਂ ਲਗਾਤਾਰ ਵੱਡੀਆਂ ਵਾਰਦਾਤਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।ਹੁਣ ਜ਼ਿਲ੍ਹੇ ਦੇ ਸਭ ਤੋਂ ਭੀੜ ਵਾਲੇ ਇਲਾਕੇ ਅਤੇ ਸਰਕਟ ਹਾਊਸ ਪੁਲਸ ਚੌਂਕੀ ਤੋਂ 200 ਮੀਟਰ ਦੂਰ ਇਕ ਵਾਰ ਫਿਰ ਫਾਰਮੈਸੀ ਦੀ ਦੁਕਾਨ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਕ ਲੁਟੇਰਾ ਦੁਕਾਨ ਅੰਦਰ ਦਾਖ਼ਲ ਹੋਇਆ ਅਤੇ ਗੰਨ ਪੁਆਇੰਟ ‘ਤੇ 35 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਿਆ। ਇਹ ਸਾਰੀ ਘਟਨਾ ਦੁਕਾਨ ‘ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈ ਅਤੇ ਹੁਣ ਪੁਲਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
CCTV ਕੈਮਰੇ ‘ਚ ਸਾਫ਼ ਤੌਰ ‘ਤੇ ਦੇਖਿਆ ਜਾ ਸਕਦਾ ਹੈ ਕਿ ਲੁਟੇਰਾ ਜਦੋਂ ਦੁਕਾਨ ਅੰਦਰ ਹੁੰਦਾ ਹੈ ਤਾਂ ਆਪਣੇ ਫੋਨ ‘ਤੇ ਕਿਸੇ ਨਾਲ ਗੱਲ ਕਰਦਾ ਹੈ। ਇਸ ਦੌਰਾਨ ਕੈਸ਼ ਕਾਊਂਟਰ ‘ਤੇ ਬੈਠੇ ਨੌਜਵਾਨਾਂ ਨੂੰ ਪਿਸਤੌਲ ਦੀ ਨੋਕ ‘ਤੇ ਡਰਾ ਕੇ ਉਹ ਗੱਲੇ ‘ਚੋਂ ਪੈਸੇ ਕੱਢ ਕੇ ਫ਼ਰਾਰ ਹੋ ਜਾਂਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਅੰਮ੍ਰਿਤਸਰ ‘ਚ ਰੋਜ਼ਾਨਾ ਹੀ ਲੁੱਟ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਪਿਛਲੇ ਦਿਨੀਂ 100 ਫੁੱਟੀ ਸੜਕ ‘ਤੇ ਨੌਜਵਾਨਾਂ ਨਾਲ ਲੁੱਟ ਹੋਈ ਸੀ।ਉਸ ਤੋਂ ਅਗਲੇ ਹੀ ਦਿਨ ਫਿਰ ਇਕ ਵਿਅਕਤੀ ਕੋਲੋਂ ਐਕਟਿਵਾ ਖੋਹਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਬੀਤੀ ਰਾਤ ਅਣਪਛਾਤੇ ਨੌਜਵਾਨਾਂ ਵੱਲੋਂ ਇਕ ਨੌਜਵਾਨ ਦੀ ਕੁੱਟਮਾਰ ਵੀ ਕੀਤੀ ਗਈ ਹੈ। ਇਨ੍ਹਾਂ ਸਾਰੇ ਮਾਮਲਿਆਂ ‘ਚ ਪੁਲਸ ਦੀ ਜਾਂਚ ਚੱਲ ਹੀ ਰਹੀ ਸੀ ਕਿ ਦੇਰ ਰਾਤ ਫਿਰ ਗੰਨ ਪੁਆਇੰਟ ‘ਤੇ 35000 ਦੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ‘ਚ ਪੁਲਸ ਕੀ ਕਾਰਵਾਈ ਕਰਦੀ ਹੈ।