November 25, 2024

ਸਿਫ਼ਰ ਬਿੱਲ ‘ਦੇ ਬਾਵਜੂਦ ਮਕਾਨ-ਮਾਲਕ, ਕਿਰਾਏਦਾਰਾਂ ਤੋਂ ਪੈਸੇ ਵਸੂਲ ਰਹੇ

ਅੰਮ੍ਰਿਤਸਰ (ਰਵਿੰਦਰ) : ਪੰਜਾਬ ਸਰਕਾਰ ਘਰੇਲੂ ਬਿਜਲੀ ਖਪਤਕਾਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਦੀ ਸਹੂਲਤ ਦੇ ਰਹੀ ਹੈ, ਜਿਸ ਕਾਰਨ ਲੱਖਾਂ ਲੋਕਾਂ ਦਾ ਬਿੱਲ ਸਿਫਰ ਆਉਣਾ ਸ਼ੁਰੂ ਹੋ ਚੁੱਕਾ ਹੈ। ਇਸਦੇ ਬਾਵਜੂਦ ਕਈ ਮਕਾਨ ਮਾਲਕ ਆਪਣੇ ਕਿਰਾਏਦਾਰਾਂ ਕੋਲੋਂ ਬਿਜਲੀ ਦੇ ਬਿੱਲ ਵਸੂਲ ਰਹੇ ਹਨ, ਜੋ ਕਿ ਸਿੱਧੇ ਤੌਰ ’ਤੇ ਧੋਖਾਧੜੀ ਦਾ ਮਾਮਲਾ ਬਣਦਾ ਹੈ। ਕਾਨੂੰਨ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਕੇਸ ਵਿਚ ਮਕਾਨ ਮਾਲਕ ’ਤੇ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਐੱਫ. ਆਈ. ਆਰ. ਦਰਜ ਕਰਵਾਈ ਜਾ ਸਕਦੀ ਹੈ।ਵੱਡੀ ਗਿਣਤੀ ਵਿਚ ਅਜਿਹੇ ਮਾਮਲੇ ਧਿਆਨ ਵਿਚ ਆ ਰਹੇ ਹਨ, ਜਿਨ੍ਹਾਂ ਵਿਚ ਕਿਰਾਏਦਾਰਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਨਹੀਂ ਮਿਲ ਪਾ ਰਹੀ ਅਤੇ ਮਕਾਨ ਮਾਲਕ ਮੁਫਤ ਬਿਜਲੀ ਦੇ ਪੈਸੇ ਵਸੂਲ ਕੇ ਆਪਣੀਆਂ ਜੇਬਾਂ ਗਰਮ ਕਰ ਰਹੇ ਹਨ।

ਜਾਣਕਾਰੀ ਦਿੰਦਿਆਂ ਇਕ ਖਪਤਕਾਰ ਨੇ ਦੱਸਿਆ ਕਿ ਮਕਾਨ ਮਾਲਕ ਉਸ ਕੋਲੋਂ ਬਿਜਲੀ ਦਾ ਪ੍ਰਤੀ ਮਹੀਨਾ 2500 ਰੁਪਏ ਵਸੂਲ ਕਰਦਾ ਹੈ। ਅੱਜ ਜਦੋਂ ਬਿਜਲੀ ਦਾ ਬਿੱਲ ਬਣਾਉਣ ਵਾਲਾ ਮੀਟਰ ਰੀਡਰ ਆਇਆ ਤਾਂ ਉਸਨੇ ਸਿਫਰ ਦਾ ਬਿੱਲ ਕੱਢ ਕੇ ਉਸਨੂੰ ਫੜਾ ਦਿੱਤਾ। ਬਿੱਲ ’ਤੇ ਆਖਰੀ ਬਿੱਲਾਂ ਦਾ ਵੇਰਵਾ ਦੇਖਣ ’ਤੇ ਪਤਾ ਲੱਗਾ ਕਿ ਪਿਛਲੀ ਵਾਰ ਦਾ ਬਿੱਲ ਵੀ ਸਿਫਰ ਆਇਆ ਸੀ ਪਰ ਮਕਾਨ ਮਾਲਕ ਨੇ ਪਿਛਲੀ ਵਾਰੀ ਵੀ ਉਸ ਕੋਲੋਂ ਬਿਜਲੀ ਦਾ ਬਿੱਲ ਵਸੂਲਿਆ ਸੀ।

ਪਾਵਰਕਾਮ ਜਲੰਧਰ ਸਰਕਲ ਦੇ ਹੈੱਡ ਤੇ ਡਿਪਟੀ ਚੀਫ ਇੰਜੀਨੀਅਰ ਇੰਦਰਪਾਲ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ’ਤੇ ਪਾਵਰਕਾਮ ਘਰੇਲੂ ਕੁਨੈਕਸ਼ਨਾਂ ਨੂੰ ਮੁਫਤ ਬਿਜਲੀ ਮੁਹੱਈਆ ਕਰਵਾ ਰਿਹਾ ਹੈ। ਸਬ-ਮੀਟਰ ਲਾ ਕੇ ਜਾਂ ਕਿਸੇ ਹੋਰ ਢੰਗ ਨਾਲ ਬਿਜਲੀ ਵੇਚ ਕੇ ਕਿਸੇ ਕੋਲੋਂ ਵਸੂਲੀ ਕਰਨਾ ਨਿਯਮਾਂ ਦੇ ਉਲਟ ਹੈ। ਅਜਿਹੇ ਕੇਸਾਂ ਵਿਚ ਮਕਾਨ ਮਾਲਕ ਆਪਣੇ ਕਿਰਾਏਦਾਰਾਂ ਨਾਲ ਸਿੱਧੇ ਤੌਰ ’ਤੇ 420 ਕਰ ਰਿਹਾ ਹੈ।ਖਪਤਕਾਰ ਨੂੰ ਇਸ ਬਾਰੇ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ ਤਾਂ ਕਿ ਅਜਿਹਾ ਕਰਨ ਵਾਲੇ ਮਾਲਕ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾ ਸਕੇ।

 

Leave a Reply

Your email address will not be published. Required fields are marked *