‘ਸਾਂਝੀਵਾਲਤਾ ਯਾਤਰਾ ਦਾ ਭੀਖੀ ‘ਚ ਭਰਵਾਂ ਸਵਾਗਤ
ਅੰਮ੍ਰਿਤਸਰ (ਰਵਿੰਦਰ ਕੌਰ): ਭਗਤੀ ਲਹਿਰ ਦੇ ਆਦਿ ਮਹਾਂਪੁਰਖਾਂ ਦੇ ਆਸ਼ੀਰਵਾਦ ਨਾਲ 4 ਨਵੰਬਰ ਤੋਂ ਮੀਰਾ ਬਾਈ ਦੇ ਜਨਮ ਸਥਾਨ ਮੇੜਤਾ ਤੋਂ ਸ਼ੁਰੂ ਹੋਈ ” ਮੀਰਾ ਚੱਲੀ ਸਤਿਗੁਰੂ ਕੇ ਧਾਮ ਸਾਂਝੀਵਾਲਤਾ ਯਾਤਰਾ -2022″, ਜੋ 8 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬ ਵਿੱਚ ਦਾਖ਼ਲ ਹੋਈ ਦਾ ਹਰ ਜ਼ਿਲ੍ਹੇ ਵਿੱਚ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਬੀਤੀ ਸ਼ਾਮ ਮੌੜ ਮੰਡੀ ਰਾਹੀਂ ਭੀਖੀ ਪੁੱਜਣ ‘ਤੇ ਯਾਤਰਾ ਦਾ ਹਾਰਦਿਕ ਸੁਆਗਤ ਕੀਤਾ ਗਿਆ। ਸੰਤ ਸ਼ਿਰੋਮਣੀ ਮੀਰਾ ਬਾਈ ਇਸ ਭਗਤੀ ਲਹਿਰ ਦੀ ਨਾਇਕਾ ਰਹੀ ਹੈ, ਜਿਸ ਨੇ ਸਤੀ ਅਤੇ ਜਾਤ ਦੇ ਵਿਤਕਰੇ ਨੂੰ ਤੋੜ ਕੇ ਸਮਾਜ ਨੂੰ ਨਵਾਂ ਰਸਤਾ ਦਿਖਾਇਆ ਹੈ।
ਸੰਤ ਮੰਡਲੀ ਵਲੋਂ ਇਸ ਸੰਦੇਸ਼ ਨੂੰ ਘਰ-ਘਰ ਲੈ ਜਾਣ ਲਈ “ਮੀਰਾ ਚੱਲੀ ਸਤਿਗੁਰੂ ਕੇ ਧਾਮ ਸਾਂਝੀਵਾਲਤਾ ਯਾਤਰਾ 2022” ਦੌਰਾਨ ਥਾਂ ਥਾਂ ਸੰਗਤਾਂ ਨੂੰ ਇੱਕਜੁੱਟਤਾ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ। ਭੀਖੀ ਦੇ ਆਸਪਾਸ ਦੇ ਪਿੰਡਾਂ ਤੋਂ ਹੁੰਮ ਹੁਮਾ ਕੇ ਪੁੱਜੀ ਸੰਗਤ ਨੇ ਯਾਤਰਾ ਦਾ ਹਾਰਦਿਕ ਸੁਆਗਤ ਕੀਤਾ। ਸੰਗਤਾਂ ਵਲੋਂ ਯਾਤਰਾ ਨਾਲ ਚਲ ਰਹੇ ਸੰਤਾਂ ਮਹੰਤਾਂ ਅਤੇ ਸੰਗਤਾਂ ਦੇ ਰਾਤਰੀ ਵਿਸਰਾਮ ਅਤੇ ਭੋਜਨ ਦਾ ਢੁੱਕਵਾਂ ਪ੍ਬੰਧ ਕੀਤਾ ਗਿਆ ਸੀ। 21 ਨਵੰਬਰ ਨੂੰ ਇਹ ਯਾਤਰਾ ਸੰਗਰੂਰ, 22 ਨੂੰ ਰਾਜਪੁਰਾ, 23 ਨੂੰ ਅਗੰਮ ਪੁਰ ਆਨੰਦਪੁਰ ਸਾਹਿਬ ਅਤੇ 24 ਨੂੰ ਚੰਡੀਗੜ੍ਹ ਵਿਖੇ ਪੁੱਜੇਗੀ। 27 ਨਵੰਬਰ ਤੋਂ ਇਹ ਯਾਤਰਾ ਹਰਿਆਣਾ ਵਿੱਚ ਪਰਵੇਸ਼ ਕਰ ਜਾਵੇਗੀ। ਪੰਜਾਬ ਦੇ ਵੱਖ ਵੱਖ ਜਿਲਿਆਂ ਰਾਹੀਂ ਇਹ ਯਾਤਰਾ, ਜੰਮੂ ਅਤੇ ਕਸ਼ਮੀਰ, ਹਿਮਾਚਲ ਸੂਬੇ ਵਿੱਚ ਹੁੰਦੇ ਹੋਏ 4 ਦਸੰਬਰ 2022 ਨੂੰ ਗੋਪਾਲ ਮੋਚਨ (ਯਮੁਨਾਨਗਰ) ਹਰਿਆਣਾ ਵਿਖੇ ਸੰਪੂਰਣ ਹੋਵੇਗੀ।