ਸ਼ਰਧਾ ਕਤਲ ਕੇਸ ’ਚ ਦਿੱਲੀ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਜੰਗਲ ’ਚੋਂ ਮਿਲੇ ਲਾਸ਼ ਦੇ ਹਿੱਸੇ
ਅੰਮ੍ਰਿਤਸਰ (ਰਵਿੰਦਰ ਕੌਰ)-ਦਿੱਲੀ ਦੇ ਮਹਿਰੌਲੀ ’ਚ ਮੁੰਬਈ ਦਾ ਰਹਿਣ ਵਾਲਾ ਆਫਤਾਬ ਆਮੀਨ ਪੂਨਾਵਾਲਾ, ਜੋ ਕਿ ਪੇਸ਼ੇ ਤੋਂ ਸ਼ੈੱਫ ਅਤੇ ਫੋਟੋਗ੍ਰਾਫ਼ਰ ਸੀ। ਉਸ ਨੇ ਆਪਣੀ ਲਿਵ-ਇਨ-ਪਾਰਟਨਰ ਸ਼ਰਧਾ ਦੀ ਬੀਤੀ 18 ਮਈ ਨੂੰ ਗਲ਼ ਘੁੱਟ ਕੇ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਲਾਸ਼ ਦੇ 35 ਟੁਕੜੇ ਕਰ ਦਿੱਤੇ ਸਨ, ਜਿਨ੍ਹਾਂ ਨੂੰ ਸਟੋਰ ਕਰਨ ਲਈ ਉਸ ਨੇ 300 ਲੀਟਰ ਦਾ ਫਰਿੱਜ ਖਰੀਦਿਆ ਸੀ। ਬਾਅਦ ’ਚ ਹੌਲੀ-ਹੌਲੀ ਉਹ ਕਈ ਦਿਨਾਂ ਤੱਕ ਟੁਕੜਿਆਂ ਨੂੰ ਜੰਗਲ ’ਚ ਸੁੱਟਦਾ ਰਿਹਾ।
ਜਾਣਕਾਰੀ ਮੁਤਾਬਿਕ ਸੁਰਖੀਆਂ ’ਚ ਬਣੇ ਸ਼ਰਧਾ ਕਤਲ ਕਾਂਡ ਦੀ ਜਾਂਚ ਦੌਰਾਨ ਦਿੱਲੀ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ। ਦਿੱਲੀ ਪੁਲਸ ਨੇ ਮਹਿਰੌਲੀ ਦੇ ਜੰਗਲ ’ਚੋਂ ਮਨੁੱਖੀ ਖੋਪੜੀ ਅਤੇ ਜਬਾੜੇ ਦਾ ਕੁਝ ਹਿੱਸਾ ਬਰਾਮਦ ਕੀਤਾ ਹੈ। ਇਸ ਦੇ ਨਾਲ ਹੀ ਮਨੁੱਖੀ ਸਰੀਰ ਦੇ ਹੋਰ ਹਿੱਸਿਆਂ ਦੀਆਂ ਹੱਡੀਆਂ ਵੀ ਬਰਾਮਦ ਹੋਈਆਂ ਹਨ। ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਜੰਗਲ ‘ਚੋਂ ਬਰਾਮਦ ਹੋਏ ਟੁਕੜੇ 27 ਸਾਲਾ ਸ਼ਰਧਾ ਵਾਕਰ ਦੀ ਲਾਸ਼ ਦੇ ਹੋ ਸਕਦੇ ਹਨ। ਹਾਲਾਂਕਿ ਫੋਰੈਂਸਿਕ ਲੈਬ ਟੀਮ ਦੀ ਜਾਂਚ ਤੋਂ ਬਾਅਦ ਹੀ ਇਸ ਦੀ ਪੁਸ਼ਟੀ ਹੋ ਸਕਦੀ ਹੈ। ਜੇਕਰ ਬਰਾਮਦ ਹੱਡੀਆਂ ਸ਼ਰਧਾ ਦੀਆਂ ਨਿਕਲਦੀਆਂ ਹਨ, ਤਾਂ ਪੁਲਸ ਨੂੰ ਮਾਮਲੇ ਦੀ ਗੁੱਥੀ ਸੁਲਝਾਉਣ ’ਚ ਮਦਦ ਮਿਲ ਸਕਦੀ ਹੈ। ਹੁਣ ਫੋਰੈਂਸਿਕ ਰਿਪੋਰਟ ਦੀ ਉਡੀਕ ਹੈ।