‘ਪੰਜਾਬ ਲਈ ਇੱਕ ਨਿਵੇਸ਼ ਸੰਮੇਲਨ 2023 ‘ਚ
ਅੰਮ੍ਰਿਤਸਰ (ਰਵਿੰਦਰ ਕੌਰ ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਮੌਜੂਦਾ ਸਮੇਂ ਇੱਕ ਵਿਆਪਕ ਨਿਵੇਸ਼ ਪ੍ਰੋਤਸਾਹਨ ਆਊਟਰੀਚ ਪ੍ਰੋਗਰਾਮ ਚਲਾ ਰਹੀ ਹੈ, ਜਿਸ ‘ਚ ਭਾਰਤ ਅਤੇ ਦੁਨੀਆ ਭਰ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਸਮਾਗਮ ਅਤੇ ਕਾਨਫਰੰਸਾਂ ਕਰਵਾਈਆਂ ਜਾ ਰਹੀਆਂ ਹਨ। ਇਸ ਉਪਰਾਲੇ ਨੂੰ ਜਾਰੀ ਰੱਖਦਿਆਂ ਅੱਜ ਚੰਡੀਗੜ੍ਹ ਵਿਖੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਨਿਵੇਸ਼ ਪ੍ਰੋਤਸਾਹਨ ਦਲੀਪ ਕੁਮਾਰ ਅਤੇ ਸੀ.ਈ.ਓ. ਨਿਵੇਸ਼ ਪੰਜਾਬ ਕੇ.ਕੇ. ਯਾਦਵ ਨੇ ਪ੍ਰਗਤੀਸ਼ੀਲ ਪੰਜਾਬ ਦੇ ਆਗਾਮੀ 5ਵੇਂ ਐਡੀਸ਼ਨ ਦੇ ਵੱਖ-ਵੱਖ ਰੂਪਾਂ ਬਾਰੇ ਵਿਸਥਾਰਪੂਰਵਕ ਪੇਸ਼ਕਾਰੀ ਦਿੱਤੀ ਅਤੇ 23 ਤੇ 24 ਫਰਵਰੀ 2023 ਨੂੰ ਕਰਵਾਏ ਜਾ ਰਹੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ ਦੀਆਂ ਤਿਆਰੀਆਂ ਵਿੱਚ ਤੇਜ਼ੀ ਲਿਆਉਣ ਲਈ ਸਰਕਾਰ ਦੀਆਂ ਵੱਖ-ਵੱਖ ਪ੍ਰਬੰਧਕੀ ਕਮੇਟੀਆਂ ਦੇ ਗਠਨ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਪ੍ਰਬੰਧਕੀ ਸਕੱਤਰ ਅਤੇ ਮੁਖੀ ਸ਼ਾਮਲ ਹੋਏ।
ਜ਼ਿਕਰਯੋਗ ਹੈ ਕਿ ਸਤੰਬਰ 2022 ਵਿੱਚ ਨਿਵੇਸ਼ ਪੰਜਾਬ ਵੱਲੋਂ ਕਰਵਾਈ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਲਈ ਇੱਕ ਨਿਵੇਸ਼ ਸੰਮੇਲਨ ਦੀ ਕਲਪਨਾ ਕੀਤੀ ਸੀ। ਵਿਦੇਸ਼ੀ ਅਤੇ ਸਥਾਨਕ ਕੰਪਨੀਆਂ ਨੂੰ ਨਿਵੇਸ਼ ਲਈ ਖਿੱਚਣ ਤੋਂ ਇਲਾਵਾ, ਸੰਮੇਲਨ ਦਾ ਮੁੱਖ ਉਦੇਸ਼ ਪੰਜਾਬ ਦੇ ਵਿਕਾਸ ਲਈ ਰੂਪ-ਰੇਖਾ ਤਿਆਰ ਕਰਨ ਵਾਸਤੇ ਪ੍ਰਸਿੱਧ ਕਾਰੋਬਾਰੀ ਉੱਦਮੀਆਂ, ਨਿਵੇਸ਼ਕਾਂ ਅਤੇ ਵਿਚਾਰਕਾਂ ਦੇ ਮਾਹਿਰ ਸਮੂਹਾਂ ਨੂੰ ਇਕੱਤਰ ਕਰਨਾ ਹੈ। ਸੰਮੇਲਨ ਦੇ ਏਜੰਡੇ ਵਿੱਚ ਪ੍ਰਦਰਸ਼ਨੀਆਂ ਰਾਹੀਂ ਪੰਜਾਬ ਦੀ ਉਦਯੋਗ ਸ਼ਕਤੀਆਂ ਨੂੰ ਉਜਾਗਰ ਕਰਨਾ ਵੀ ਸ਼ਾਮਲ ਹੈ। ਮੀਟਿੰਗ ਦੀ ਸਮਾਪਤੀ ਕਰਦਿਆਂ ਮੁੱਖ ਸਕੱਤਰ ਨੇ ਪੰਜਾਬ ਨੂੰ ਖੁਸ਼ਹਾਲੀ ਅਤੇ ਉਦਯੋਗਿਕ ਵਿਕਾਸ ਦੇ ਨਵੇਂ ਯੁੱਗ ਵੱਲ ਲਿਜਾਣ ਸਬੰਧੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ।